Search This Blog

Thursday, September 25, 2008

ਰਾਜਨੀਤਕ ਦਗ਼ੇਬਾਜੀ ਤੇ ਲੋਕ

ਮਹਾਨ ਸ਼ਹੀਦ ਰਾਮ ਪ੍ਰਸ਼ਾਦ ਬਿਸਮਿਲ ਨੇ ਆਪਣੀ ਗ਼ਜ਼ਲ ਰਾਹੀਂ ਕਿਹਾ ਸੀ:
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।।
ਦੋਸਤੋ ਅੱਜ ਇਹਨਾਂ ਸਤਰਾਂ ਦੀ ਰੌਸ਼ਨੀ ਵਿੱਚ ਦੇਖੀਏ ਤਾਂ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਮੇਲੇ ਤਾਂ ਹਰ ਸਾਲ ਲੱਗਦੇ ਹਨ ਪਰ ਉਹਨਾਂ ਪ੍ਰਤੀ ਸ਼ਰਧਾ ਅਤੇ ਉਹਨਾਂ ਦੀ ਵਿਚਾਰਧਾਰਾ ਪ੍ਰਤੀ ਸਤਿਕਾਰ ਕਿਤੇ ਨਜ਼ਰ ਨਹੀਂ ਆਂਉਦਾ।
ਸਿਰੇ ਦੀ ਘਟੀਆ ਰਾਜਨੀਤੀ ਦੇ ਢਹੇ ਚੜ੍ਹੇ ਹੋਏ ਸਾਡੇ ਭੇਡਾਂ ਵਰਗੇ ਲੋਕ ਪੂਰੇ 61 ਸਾਲਾਂ ਤੋਂ ਬੜੀ ਸ਼ਿੱਦਤ ਨਾਲ ਰਾਜਨੀਤਕ ਉੱਲੂਆਂ ਦੀ ਭੂਮਿਕਾ ਨਿਭਾਂਉਦੇ ਆ ਰਹੇ ਹਨ। ਜਿਸਦੇ ਚਲਦਿਆਂ ਹੀ ਦੇਸ ਵਿੱਚ ਰਾਜਨੀਤਕ ਦਲਾਲਾਂ ਦੇ ਹੌਸਲੇ ਏਨੇਂ ਬੁਲੰਦ ਹੋ ਗਏ ਹਨ ਕਿ ਉਹਨਾਂ ਨੇ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਵੀ ਆਪਣੇ ਟੁੱਚੇ ਰਾਜਨੀਤਕ ਸਵਾਰਥਾਂ ਦੀ ਪੂਰਤੀ ਲਈ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਸੱਤਾਧਾਰੀ ਪਾਰਟੀ ਵੱਲੋਂ 28 ਸਤੰਬਰ ਨੂੰ ਸ਼ਹੀਦ-ਇ -ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕੌਮ ਦੇ ਸ਼ਹੀਦਾਂ ਦੇ ਨਾਂਅ ਤੇ ਕਰੋੜਾਂ ਰੁਪਏ ਖਰਚ ਕੇ ਕੀਤਾ ਜਾ ਰਿਹਾ ਅਖੌਤੀ ਸ਼ਰਧਾਂਜਲੀ ਸਮਾਗਮ ਇਸਦੀ ਤਾਜ਼ਾ ਮਿਸਾਲ ਮਾਤਰ ਹੈ। ਪਰ ਸ਼ਹੀਦੀ ਜੋੜ ਮੇਲਿਆਂ ਤੇ ਕੀਤੀਆਂ ਜਾਂਦੀਆਂ ਰਾਜਨੀਤਕ ਰੈਲੀਆਂ ਦੀ ਸ਼ੋਭਾ ਵਧਾਉਂਦੇ ਸਾਡੇ ਲੋਕਾਂ ਨੂੰ ਸ਼ਹੀਦਾਂ ਦੇ ਆਦਰਸ਼ ਨਹੀਂ ਸਗੋਂ ਆਪਣੇ-੨ ਨਿੱਜੀ ਤੇ ਸਥਾਨਕ ਸਵਾਰਥਾਂ ਪਿਆਰੇ ਹਨ। ਇਹੀ ਕਾਰਨ ਹੈ ਕਿ ਅੱਜ ਜਿੱਥੇ ਰਾਜਨੀਤਕ ਦਲਾਲ, ਦੋਹੀਂ ਹੱਥੀਂ ਦੇਸ ਦਾ ਸਰਮਾਇਆ ਅਤੇ ਸਾਰੇ ਕੁਦਰਤੀ ਸੋਮੇਂ ਅਮਰੀਕਾ ਵਰਗੇ ਸ਼ੈਤਾਨ ਦੇਸਾਂ ਅਤੇ ਦੇਸੀ-ਵਿਦੇਸੀ ਬਹੁਕੌਮੀ ਕੰਪਨੀਆਂ ਨੂੰ ਲੁਟਾ ਰਹੇ ਹਨ ਓਥੇ ਹੀ ਸ਼ਹੀਦਾਂ ਦੇ ਆਦਰਸ਼ਾਂ ਅਤੋ ਉਹਨਾਂ ਦੇ ਵਿਚਾਰਾਂ ਤੋਂ ਵੀ ਆਮ ਲੋਕਾਂ, ਖਾਸਕਰ ਨੌਜਵਾਨਾਂ ਨੂੰ ਭਟਕਾਉਣ ਵਿੱਚ ਵੱਡੇ ਪੱਧਰ ਉੱਤੇ ਸਫਲ ਰਹੇ ਹਨ।
ਹੁਣ ਫੈਸਲਾ ਅਸੀਂ ਕਰਨਾਂ ਹੈ ਕਿ ਅਜਿਹੇ ਹਲਾਤਾਂ ਵਿੱਚ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੀ ਸਿਰਜਣਾਂ ਹਿੱਤ ਅਸੀਂ ਕੀ ਕਰ ਸਕਦੇ ਹਾਂ?

No comments: