Search This Blog

Thursday, January 7, 2010

ਸ਼੍ਰਿਸ਼ਟੀ ਦਾ ਸੰਤਾਪ
ਸ਼੍ਰਿਸ਼ਟੀ ਦਾ ਸੰਤਾਪ ਆਪਣੇ ਸਿਖ਼ਰ 'ਤੇ ਹੈ ਤੇ ਸ਼ਾਇਦ ਬਰਦਾਸ਼ਤ ਦੀ ਹੱਦ ਵੀ। ਅਸੀਂ ਕੁਦਰਤ ਦੇ ਨਿਜ਼ਾਮ ਨੂੰ ਚੁਣੌਤੀਆਂ ਹੀ ਨਹੀਂ ਦੇ ਰਹੇ ਸਗੋਂ ਉਸਨੂੰ ਆਪਣਾ ਦਾਸ ਬਣਾਉਣ 'ਤੇ ਤੁਲ ਗਏ ਹਾਂ। ਸਾਡੀ ਇਸ ਲਾਲਸਾ ਤੋਂ ਜਨਮ ਰਹੀਆਂ ਸਮੱਸਿਆਵਾਂ ਵੱਲੋਂ ਸਾਡੀ ਉਪਰਾਮਤਾ ਨਿਰੰਤਰ ਸੰਘਣੇ ਹੋ ਰਹੇ ਮੌਤ ਦੇ ਕੋਹਰੇ ਨੂੰ ਹੋਰ ਵਧਾ ਰਹੀ ਹੈ। ਲੋੜੀਂਦੀਆਂ ਤੇ ਕੁੱਝ ਬੇਹੱਦ ਗੈਰ ਲੋੜੀਂਦੀਆਂ ਸੁਖ-ਸਹੂਲਤਾਂ ਦੀ ਕਾਮਨਾ ਨੇ ਸਾਨੂੰ ਅਤਿ ਦਰਜੇ ਦੇ ਸਵਾਰਥੀ ਬਣਾ ਦਿੱਤਾ ਹੈ। ਅਸੀਂ ਬੜੀ ਬੇਕਿਰਕੀ ਨਾਲ ਆਪਣੇ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਅਤੇ ਜੀਵਨ ਵਿਹੂਣੇ ਕਰਨ ਦਾ ਪਾਪ ਕਮਾ ਰਹੇ ਹਾਂ। ਜਿਸਦੀ ਸਭ ਤੋਂ ਵੱਡੀ ਤੇ ਅਹਿਮ ਮਿਸਾਲ ਹੈ ਸਾਡਾ ਸਤਲੁਜ। ਜਿਵੇਂ ਹੀ ਇਹ ਇਤਿਹਾਸਕ ਦਰਿਆ ਲੁਧਿਆਣੇ ਸ਼ਹਿਰ ਨੂੰ ਪਿੱਛੇ ਛੱਡਦਾ ਹੋਇਆ ਅਗਲਾ ਪੈਂਡਾ ਮੱਲਦਾ ਹੈ। ਸ਼ਹਿਰ ਦਾ ਹਜ਼ਾਰਾਂ ਟਨ ਉਦਯੋਗਿਕ ਕਚਰਾ ਇਸਦੇ ਪਾਣੀਆਂ ਦੀ ਨਿਰਮਲਤਾ ਨੂੰ ਪੀ ਜਾਂਦਾ ਹੈ। ਸਿੱਟੇ ਵਜੋਂ ਲੁਧਿਆਣੇ ਤੋਂ 20 ਕਿਲੋਮੀਟਰ ਅੱਗੇ ਤੱਕ, ਦਰਿਆ ਜੀਵਨ ਵਿਹੂਣਾ ਹੋ ਚੁੱਕਾ ਹੈ। ਇਹ ਇੱਕ ਦਰਿਆਂ ਦੀ ਹੋਣੀ ਨਹੀਂ ਸਗੋਂ ਅੰਨੇ ਅਤੇ ਨਿਰਲੱਜ਼ ਸਵਾਰਥ ਦੇ ਸ਼ਿਕਾਰ ਮਨੁੱਖੀ ਮਨ ਦੀਆਂ ਮਰ ਰਹੀਆਂ ਸੰਵੇਦਨਾਵਾਂ ਦੀ ਦਾਸਤਾਨ ਹੈ। ਆਪਣੇ ਉਦਯੋਗਿਕ ਕਚਰੇ ਨੂੰ ਨਿਰਮਮਤਾ ਨਾਲ ਦਰਿਆ ਵਿੱਚ ਸੁੱਟਣ ਵਾਲੇ ਕਾਰਖਾਨੇਦਾਰ ਵੀ ਤਾਂ ਇਨਸਾਨ ਹੀ ਹਨ। ਪਰ ਹਾਂ, ਇਹ ਗੱਲ ਵੱਖਰੀ ਹੈ ਕਿ ਉਹਨਾਂ ਵਿਚਲੀ ਇਨਸਾਨੀਅਤ ਦਮ ਤੋੜ ਚੁੱਕੀ ਹੈ। ਉਹ ਹਰ ਹੀਲੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਦੌੜ ਵਿੱਚ ਇਸ ਕਦਰ ਮਸਰੂਫ਼ ਹਨ ਕਿ ਉਹਨਾਂ ਨੂੰ ਪੈਸੇ ਤੋਂ ਸਿਵਾਏ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਪੈਸੇ ਲਈ ਪ੍ਰਮਾਤਮਾ ਦੀ ਆਰਤੀ ਉਤਾਰਨ ਵਾਲੇ ਇਹ ਲੋਕ ਇਹ ਕਿਉਂ ਭੁੱਲ ਜਾਂਦੇ ਹਨ ਕਿ ਉਸਦੀ ਸਾਜੀ ਖਲਕਤ ਨਾਲ ਖਿਲਵਾੜ ਕਰਕੇ ਉਹਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਉਂ ਭੁੱਲ ਜਾਂਦੇ ਹਨ ਇਹ ਲੋਕ ਕਿ ਸਤਲੁਜ ਦਾ ਪਾਣੀ ਸਾਰੇ ਦੇ ਸਾਰੇ ਮਾਲਵੇ ਅਤੇ ਗਵਾਂਢੀ ਰਾਜ ਰਾਜਸਥਾਨ ਦੇ ਇੱਕ ਵੱਡੇ ਹਿੱਸੇ ਦੀ ਜੀਵਨ ਰੇਖਾ ਹੈ! ਛੋਟੇ-ਵੱਡੇ ਸਾਰੇ ਕਾਰਖਾਨੇਦਾਰ ਆਪਣੇ ਮਣਾਂ-ਮੂਹੀਂ ਉਦਯੋਗਿਕ ਕੂੜੇ ਨਾਲ ਇਸ ਜੀਵਨ ਰੇਖਾ ਨੂੰ ਪਲੀਤ ਕਰਕੇ ਮੌਤ ਦੀ ਕੋਝੀ ਖੇਡ, ਖੇਡ ਰਹੇ ਹਨ। ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਰਹਿਣੀ ਚਾਹੀਦੀ ਕਿ ਮਾਲਵੇ ਵਿੱਚ ਵੱਡੇ ਪੱਧਰ 'ਤੇ ਪੈਰ ਪਸਾਰ ਚੁੱਕੇ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਹੋਰ ਅਨੇਕਾ ਨਾਮੁਰਾਦ ਬਿਮਾਰੀਆਂ ਇੱਕ ਵੱਡਾ ਕਾਰਨ, ਲੁਧਿਆਣੇ ਤੇ ਫਗਵਾੜੇ ਵਰਗੇ ਸ਼ਹਿਰਾਂ ਦੇ ਉਦਯੋਗਿਕ ਕੂੜੇ ਕਾਰਨ ਦੂਸ਼ਿਤ ਹੋਇਆ ਸਤਲੁਜ ਦਾ ਪਾਣੀ ਵੀ ਹੈ। ਕੈਂਸਰ ਤੇ ਕਾਲੇ ਪੀਲੀਏ ਵਰਗੇ ਭਿਆਨਕ ਰੋਗਾਂ ਕਾਰਨ ਤ੍ਰਾਹ-ਤ੍ਰਾਹ ਕਰਦੇ ਤੇ ਬਹੁਤ ਹੱਦ ਤੱਕ ਕੰਗਾਲ ਹੋ ਚੁੱਕੇ ਹਜ਼ਾਰਾਂ ਲੋਕਾਂ ਦੀਆਂ ਬਦ-ਦੁਆਵਾਂ ਦਾ ਭਾਰ ਚੁੱਕਣ ਦਾ ਮਾਦਾ ਕਿਵੇਂ ਜੁਟਾਉਣਗੇ? ਪੈਸੇ ਦੇ ਪੀਰ, ਮਨੁੱਖੀ ਸੰਵੇਦਨਾਵਾਂ ਵਿਹੂਣੇ ਇਹ ਉਦਯੋਗਪਤੀ ਤੇ ਇਹਨਾਂ ਦੀ ਪਿੱਠ ਤੇ ਖੜੇ ਇਹਨਾਂ ਦੇ ਰਾਜਨੀਤਕ ਆਕਾ!ਇੰਨਾਂ ਹੀ ਨਹੀਂ ਪਾਣੀ ਦੇ ਨਾਲ-ਨਾਲ ਹਵਾ ਅਤੇ ਧਰਤੀ ਦੀ ਦੁਰਗਤ ਵੀ ਹਰ ਸੰਵੇਦਨਸ਼ੀਲ ਵਿਅਕਤੀ ਦੇ ਰੌਂਗਟੇ ਖੜੇ ਕਰਨ ਦਾ ਮਾਦਾ ਰਖਦੀ ਹੈ। ਆਏ ਦਿਨ ਹਵਾਵਾਂ ਵਿੱਚ ਲੱਖਾਂ ਟਨ ਜ਼ਹਿਰੀਲੀਆਂ ਗੈਸਾਂ ਵਾਹਨਾਂ ਤੇ ਉਦਯੋਗਾਂ ਦੁਆਰਾ ਪੈਦਾ ਕੀਤੇ ਧੂੰਏ ਅਤੇ ਖੇਤਾਂ ਵਿੱਚ ਛਿੜਕੇ/ਛਿੜਕਾਏ ਜਾ ਰਹੇ ਕੀਟਨਾਸ਼ਕ ਜ਼ਹਿਰਾਂ ਦੇ ਰੂਪ ਵਿੱਚ ਘੁਲ ਜਾਂਦਾ ਹੈ। ਨਤੀਜ਼ਤਨ ਜਿੰਦਗੀ ਨੂੰ ਸਾਹ ਬਖ਼ਸ਼ਣ ਵਾਲੀ ਹਵਾ ਅੱਜ ਸਾਹ ਦੇ ਰੋਗਾਂ ਦਾ ਕਾਰਨ ਮਾਤਰ ਬਣਕੇ ਰਹਿ ਗਈ ਹੈ। ਅਸੀਂ ਫਿਰ ਵੀ ਬੜੀ ਬੇਫ਼ਿਕਰੀ ਨਾਲ ਵੱਡੇ ਪੱਧਰ 'ਤੇ ਪਲਾਸਟਿਕ ਜਲਾਉਂਦੇ ਹਾਂ, ਖੇਤਾਂ ਵਿੱਚ ਫਸਲਾਂ ਦੇ ਨਾੜ ਨੂੰ ਅੱਗ ਲਾਉਂਦੇ ਹਾਂ ਤੇ ਫਿਰ ਇਹ ਆਸ ਵੀ ਕਰਦੇ ਹਾਂ ਕਿ ਗੁਰਬਾਣੀ ਪੜ੍ਹਿਆਂ-ਸੁਣਿਆਂ ਹੀ ਸਰਬਤ ਦਾ ਭਲਾ ਹੋ ਜਾਵੇ। ਹੁਣ ਗੱਲ ਕਰਦੇ ਹਾਂ ਧਰਤੀ ਦੀ ਜਿਸਨੂੰ ਸਾਡੇ ਸਮਾਜ ਅਤੇ ਸਾਡੇ ਮਨਾਂ ਵਿੱਚ ਮਾਂ ਦਾ ਦਰਜਾ ਪ੍ਰਾਪਤ ਹੈ। ਪਰ ਇਹ ਕੀ? ਇਸਦੀ ਹੋਣੀ ਤਾਂ ਹੋਰ ਵੀ ਤਰਾਸਦੀ ਭਰੀ ਹੈ। ਧਰਤੀ ਹੀ ਪੂਰੇ ਬ੍ਰਹਿਮੰਡ ਵਿੱਚ ਇੱਕੋ-ਇੱਕ ਅਜਿਹੀ ਮਾਂ ਹੈ ਜਿਸਦੇ ਪੁੱਤ ਹੱਦ ਦਰਜੇ ਦੇ ਕੁਪੁੱਤ ਸਾਬਿਤ ਹੋਏ ਹਨ। ਉਹ ਮਾਂ ਜਿਸਨੂੰ ਮਹਾਂਪੁਰਸ਼ਾ ਨੇ ਅੰਨਪੂਰਨਾਂ ਕਹਿ ਕੇ ਵੱਡਿਆਇਆ ਹੈ ਤੇ ਜਿਸਨੇ ਆਪਣੇ ਬੱਚਿਆਂ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ 'ਚ ਕਦੇ ਕੋਈ ਕੁਤਾਹੀ ਨਹੀਂ ਵਰਤੀ। ਅੱਜ ਆਪਣੇ ਹੀ ਜ਼ਿਗਰ ਦੇ ਟੋਟਿਆਂ ਦੇ ਜੁਲਮ ਦੀ ਸ਼ਿਕਾਰ ਹੈ। ਕਰੋੜਾਂ ਸਾਲਾਂ ਤੋਂ ਮਨੁੱਖ ਦੇ ਨਾਲ-ਨਾਲ ਸਮੁੱਚੀ ਕਾਇਨਾਤ ਵਿੱਚ ਵਿਚਰਦੇ ਅਣਗਿਣਤ ਜੀਵਾਂ ਦੀਆਂ ਅਨੇਕਾਂ ਜ਼ਰੂਰਤਾ ਪੂਰੀਆਂ ਕਰਦੀ ਆ ਰਹੀ ਜਗ ਜਣਨੀ ਮਾਂ ਧਰਤੀ ਨੂੰ ਇਸਦਾ ਹੀ ਜਾਇਆ ਮਨੁੱਖ ਨਾਮ ਦਾ ਇੱਕ ਜਾਨਵਰ ਨੋਚ-ਨੋਚ ਕੇ ਖਾਣ ਲਈ ਉਤਾਵਲਾ ਹੋਇਆ ਫਿਰਦੈ! ਅੱਖਾਂ 'ਤੇ ਪਏ ਲੋਭ ਦੇ ਪਰਦੇ ਅਤੇ ਮਨੁੱਖੀ ਮਨ ਤੇ ਜੰਮੀ ਹੋਈ ਸਵਾਰਥਾਂ ਦੀ ਮੈਲ ਨੇ ਧਰਤੀ ਦੇ ਆਂਚਲ ਨੂੰ ਮੈਲਾ ਕਰਨ ਦਾ ਬੀੜਾ ਚੁੱਕ ਰੱਖਿਆ ਹੈ। ਫਲਸਰੂਪ ਹਰ ਦਿਨ ਲੱਖਾਂ ਟਨ ਉਦਯੋਗਿਕ ਤੇ ਪ੍ਰਮਾਣੂ ਕੂੜੇ ਸਮੇਤ ਵੱਡੀ ਮਾਤਰਾ ਵਿੱਚ ਰਸਾਇਣਕ ਖਾਦਾਂ ਧਰਤੀ ਦੇ ਗਰਭ ਵਿੱਚ ਡੰਪ ਕਰ ਦਿੱਤੀਆਂ ਜਾਂਦੀਆਂ ਹਨ। ਸਿੱਟੇ ਵਜੋਂ ਧਰਤੀ ਲਗਾਤਾਰ ਬੰਜ਼ਰ ਹੁੰਦੀ ਜਾ ਰਹੀ ਹੈ, ਕਈ ਥਾਂਵਾਂ 'ਤੇ ਲੋਕ ਪ੍ਰਮਾਣੂ ਰੇਡੀਏਸ਼ਨ ਦੇ ਸ਼ਿਕਾਰ ਹਨ ਅਤੇ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਦੁਨੀਆਂ ਭਰ ਵਿੱਚ ਰਸਾਇਣਕ ਖੇਤੀ ਦੁਆਰਾ ਉਗਾਈਆਂ ਜਾ ਰਹੀਆਂ ਫਸਲਾਂ ਦੇ ਝਾੜ ਵਿੱਚ ਆਈ ਖੜੋਤ ਅਤੇ ਖੜੋਤ ਤੋਂ ਲੋਕਾਂ ਦਾ ਧਿਆਨ ਲਾਂਭੇ ਰੱਖਣ ਲਈ ਕੰਪਨੀਆਂ ਦੁਆਰਾ ਜੀਐਮ ਫਸਲਾਂ ਨੂੰ ਰਸਾਇਣਕ ਖੇਤੀ ਦੇ ਬਦਲ ਦੇ ਰੂਪ ਵਿੱਚ ਸਥਾਪਤ ਕੀਤੇ ਜਾਣ ਦੀ ਕਵਾਇਦ ਵੀ ਧਰਤੀ ਦੀ ਖਤਮ ਹੰਦੀ ਜਾ ਰਹੀ ਉਪਜਾਊ ਸ਼ਕਤੀ ਦਾ ਪ੍ਰਤੱਖ ਪ੍ਰਮਾਣ ਹੈ। ਅਸੀਂ ਬਾਬੇ ਨਾਨਕ ਦੀ ਧਰਤੀ ਦੇ ਲੋਕ ਇਸ ਵਰਤਾਰੇ ਲਈ ਵੱਡੇ ਪੱਧਰ ਤੇ ਜਿੰਮੇਵਾਰ ਹਾਂ। ਕਿਉਂਕਿ ਘੱਟੋ-ਘੱਟ ਸਾਨੂੰ ਤਾਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ' ਵਾਲੀ ਜੀਵਨ ਜਾਚ ਧਾਰਨ ਕਰਨੀ ਚਾਹੀਦੀ ਸੀ। ਪਰ ਅਸੀਂ ਆਪਣੇ ਗੁਰੂਆਂ ਦੇ ਬਚਨਾਂ 'ਤੇ ਜਿਹੜੇ ਫੁੱਲ ਚੜ੍ਹਾਏ ਹਨ ਉਹ ਕਿਸ ਬਾਹਰੀ ਇੰਕਸ਼ਾਫ਼ ਦੇ ਮੁਥਾਜ ਨਹੀਂ!

No comments: