Search This Blog
Thursday, September 25, 2008
ਹੀਰ ਵਾਤਾਵਰਣ
ਰਤਾ ਅਕਲਾਂ ਨੂੰ ਹੱਥ ਮਾਰ ਵੇ।
ਹਵਾ, ਪਾਣੀ ਤੇ ਮਿੱਟੀ ਨੂੰ ਕਰ ਗੰਦਾ,
ਕਾਹਤੋਂ ਜਿੰਦਗੀ ਦੇ ਤੋੜੇਂ ਤਾਰ ਵੇ।
ਖੇਤੀਂ ਤਿੱਤਰ ਬਟੇਰ ਨਾ ਨਜ਼ਰ ਆਉਂਦੇ,
ਤੇ ਨਾ ਹੀ ਅੰਬਰੀਂ ਕੂੰਜ਼ ਉਡਾਰੀਆਂ ਨੇ।
ਛੱਡ ਕੁਦਰਤ ਦਾ ਪਾਵਨ ਲੜ ਜਦ ਤੋਂ,
ਤੂੰ ਜ਼ਹਿਰਾਂ ਸੰਗ ਲਾਈਆਂ ਯਾਰੀਆਂ ਨੇ।
ਪਹਿਲਾਂ ਗਿਰਝਾਂ ਤੇ ਫਿਰ ਕਾਂ ਗਏ,
ਬਹੁਤੀ ਦੂਰ ਨਾ ਤੇਰੀਆਂ ਵਾਰੀਆਂ ਨੇ।
ਅੰਤਹੀਣ ਨੇ ਲਾ ਗਈਆਂ ਰੋਗ ਤੈਨੂੰ,
ਜਿਹੜੀਆਂ ਜ਼ਹਿਰਾਂ ਤੂੰ ਖੇਤੀਂ ਖਿਲਾਰੀਆਂ ਨੇ।
ਤੇਰੇ ਸਿਰ ਤੇ ਕਰਜ ਦੀ ਪੰਡ ਭਾਰੀ,
ਤੈਨੂੰ ਰਾਹ ਖੁਦਕੁਸ਼ੀਆਂ ਦੇ ਪਾਈ ਬੈਠੀ।
ਜੇ ਤੂੰ ਚਾਹੇਂ ਅਣਖ ਦੇ ਸੰਗ ਜੀਣਾ,
ਤਨੋਂ ਮਨੋਂ ਕੁਦਰਤ ਦੀ ਕਰ ਖੇਤੀ।
ਹੀਰ ਆਖਦੀ ਹੋਸ਼ ਤੂੰ ਕਰ ਲੋਕਾ,
ਰਤਾ ਅਕਲਾਂ ਨੂੰ ਹੱਥ ਮਾਰ ਵੇ।
ਹਵਾ, ਪਾਣੀ ਤੇ ਮਿੱਟੀ ਨੂੰ ਕਰ ਗੰਦਾ,
ਕਾਹਤੋਂ ਜਿੰਦਗੀ ਦੇ ਤੋੜੇਂ ਤਾਰ ਵੇ।
ਰਾਜਨੀਤਕ ਦਗ਼ੇਬਾਜੀ ਤੇ ਲੋਕ
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।।
ਦੋਸਤੋ ਅੱਜ ਇਹਨਾਂ ਸਤਰਾਂ ਦੀ ਰੌਸ਼ਨੀ ਵਿੱਚ ਦੇਖੀਏ ਤਾਂ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਮੇਲੇ ਤਾਂ ਹਰ ਸਾਲ ਲੱਗਦੇ ਹਨ ਪਰ ਉਹਨਾਂ ਪ੍ਰਤੀ ਸ਼ਰਧਾ ਅਤੇ ਉਹਨਾਂ ਦੀ ਵਿਚਾਰਧਾਰਾ ਪ੍ਰਤੀ ਸਤਿਕਾਰ ਕਿਤੇ ਨਜ਼ਰ ਨਹੀਂ ਆਂਉਦਾ।
ਸਿਰੇ ਦੀ ਘਟੀਆ ਰਾਜਨੀਤੀ ਦੇ ਢਹੇ ਚੜ੍ਹੇ ਹੋਏ ਸਾਡੇ ਭੇਡਾਂ ਵਰਗੇ ਲੋਕ ਪੂਰੇ 61 ਸਾਲਾਂ ਤੋਂ ਬੜੀ ਸ਼ਿੱਦਤ ਨਾਲ ਰਾਜਨੀਤਕ ਉੱਲੂਆਂ ਦੀ ਭੂਮਿਕਾ ਨਿਭਾਂਉਦੇ ਆ ਰਹੇ ਹਨ। ਜਿਸਦੇ ਚਲਦਿਆਂ ਹੀ ਦੇਸ ਵਿੱਚ ਰਾਜਨੀਤਕ ਦਲਾਲਾਂ ਦੇ ਹੌਸਲੇ ਏਨੇਂ ਬੁਲੰਦ ਹੋ ਗਏ ਹਨ ਕਿ ਉਹਨਾਂ ਨੇ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਵੀ ਆਪਣੇ ਟੁੱਚੇ ਰਾਜਨੀਤਕ ਸਵਾਰਥਾਂ ਦੀ ਪੂਰਤੀ ਲਈ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਸੱਤਾਧਾਰੀ ਪਾਰਟੀ ਵੱਲੋਂ 28 ਸਤੰਬਰ ਨੂੰ ਸ਼ਹੀਦ-ਇ -ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕੌਮ ਦੇ ਸ਼ਹੀਦਾਂ ਦੇ ਨਾਂਅ ਤੇ ਕਰੋੜਾਂ ਰੁਪਏ ਖਰਚ ਕੇ ਕੀਤਾ ਜਾ ਰਿਹਾ ਅਖੌਤੀ ਸ਼ਰਧਾਂਜਲੀ ਸਮਾਗਮ ਇਸਦੀ ਤਾਜ਼ਾ ਮਿਸਾਲ ਮਾਤਰ ਹੈ। ਪਰ ਸ਼ਹੀਦੀ ਜੋੜ ਮੇਲਿਆਂ ਤੇ ਕੀਤੀਆਂ ਜਾਂਦੀਆਂ ਰਾਜਨੀਤਕ ਰੈਲੀਆਂ ਦੀ ਸ਼ੋਭਾ ਵਧਾਉਂਦੇ ਸਾਡੇ ਲੋਕਾਂ ਨੂੰ ਸ਼ਹੀਦਾਂ ਦੇ ਆਦਰਸ਼ ਨਹੀਂ ਸਗੋਂ ਆਪਣੇ-੨ ਨਿੱਜੀ ਤੇ ਸਥਾਨਕ ਸਵਾਰਥਾਂ ਪਿਆਰੇ ਹਨ। ਇਹੀ ਕਾਰਨ ਹੈ ਕਿ ਅੱਜ ਜਿੱਥੇ ਰਾਜਨੀਤਕ ਦਲਾਲ, ਦੋਹੀਂ ਹੱਥੀਂ ਦੇਸ ਦਾ ਸਰਮਾਇਆ ਅਤੇ ਸਾਰੇ ਕੁਦਰਤੀ ਸੋਮੇਂ ਅਮਰੀਕਾ ਵਰਗੇ ਸ਼ੈਤਾਨ ਦੇਸਾਂ ਅਤੇ ਦੇਸੀ-ਵਿਦੇਸੀ ਬਹੁਕੌਮੀ ਕੰਪਨੀਆਂ ਨੂੰ ਲੁਟਾ ਰਹੇ ਹਨ ਓਥੇ ਹੀ ਸ਼ਹੀਦਾਂ ਦੇ ਆਦਰਸ਼ਾਂ ਅਤੋ ਉਹਨਾਂ ਦੇ ਵਿਚਾਰਾਂ ਤੋਂ ਵੀ ਆਮ ਲੋਕਾਂ, ਖਾਸਕਰ ਨੌਜਵਾਨਾਂ ਨੂੰ ਭਟਕਾਉਣ ਵਿੱਚ ਵੱਡੇ ਪੱਧਰ ਉੱਤੇ ਸਫਲ ਰਹੇ ਹਨ।
ਹੁਣ ਫੈਸਲਾ ਅਸੀਂ ਕਰਨਾਂ ਹੈ ਕਿ ਅਜਿਹੇ ਹਲਾਤਾਂ ਵਿੱਚ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੀ ਸਿਰਜਣਾਂ ਹਿੱਤ ਅਸੀਂ ਕੀ ਕਰ ਸਕਦੇ ਹਾਂ?
Friday, September 5, 2008
ਪੰਜਾਬ ਦੇ ਅਜੋਕੇ ਖੇਤੀ ਸੰਕਟ ਦੀਆਂ ਗੋਝਾਂ ਤੇ ਬੁੱਧੀਜੀਵੀਆਂ ਦਾ ਨਰਿਮੂਲ ਚਿੰਤਨ
ਕਿਸਾਨ ਅਤੇ ਕਿਸਾਨੀਂ ਦੀ ਵਰਤਮਾਨ ਤਰਾਸਦ ਹਾਲਤ ਧੁਰ ਅੰਦਰ ਤੱਕ ਕੰਬਣੀ ਛੇੜ ਦਿੰਦੀ ਹੈ। ਆਪਣੇ ਅੱਜ ਦੇ ਰੂਬਰੂ ਭਲਕ ਦੀ ਕਲਪਨਾ ਕਰਕੇ ਦਿਲ ਨੂੰ ਡੋਬਾ ਜਿਹਾ ਪੈਣ ਲੱਗਦਾ ਹੈ। ਜੇ ਹਾਲਾਤ ਏਸੇ ਤਰ੍ਹਾਂ ਹੀ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਸਕਣ ਦੀ ਸਮਰਥਾ ਵੀ ਗਵਾ ਬੈਠੇ ਹੋਵਾਂਗੇ। ਨਿੱਤ-ਦਿਹਾੜੇ ਦੇਸ ਦੇ ਕਿਸੇ ਨਾ ਕਿਸੇ ਕੋਨੇ 'ਚੋਂ ਕਿਸਾਨ ਆਤਮਹੱਤਿਆਵਾਂ ਦੀਆਂ ਕਿੰਨੀਆਂ ਹੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਮਣਾਂਮੂੰਹੀਂ ਕਰਜ਼ੇ ਦੇ ਬੋਝ ਥੱਲੇ ਦੱਬੇ ਅਨੇਕਾਂ ਕਿਸਾਨ ਵੀਰਾਂ ਦਾ ਸਵੈਮਾਣ ਤਾਰ-ਤਾਰ ਹੁੰਦਾ ਹੈ ਪਰ ਕੋਈ ਸਰਕਾਰ ਜਾਂ ਅਖੌਤੀ ਖੇਤੀਬਾੜੀ ਯੁਨੀਵਰਸਿਟੀ ਉਹਨਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ।ਗੱਲ ਏਥੇ ਹੀ ਨਹੀਂ ਮੁੱਕਦੀ, ਸਾਡੇ ਬੁੱਧੀਜੀਵੀ ਤਬਕੇ ਦੇ ਵੱਡੇ ਹਿੱਸੇ ਵੱਲੋਂ ਇਸ ਅਤਿ ਗੰਭੀਰ ਤੇ ਦੁਖਦ ਘਟਨਾਕਰਮ ਦਾ ਠੀਕਰਾ ਦੇਸ ਦੇ ਅੰਨਦਾਤੇ ਸਿਰ ਹੀ ਭੰਨਿਆ ਜਾਂਦਾ ਹੈ। ਦਲੀਲ ਇਹ ਦਿੱਤੀ ਜਾਂਦੀ ਹੈ ਕਿ ਕਿਸਾਨ ਨੇ ਆਪਣੀਆਂ ਲੋੜਾਂ ਅਤੇ ਖਰਚੇ ਬਹੁਤ ਵਧਾ ਲਏ ਹਨ। ਛੋਟੀ ਜੋਤ ਦਾ ਕਿਸਾਨ (4 ਤੋਂ 5 ਏਕੜ) ਵੀ ਟਰੈਕਟਰ ਵਰਗੀ ਮਹਿੰਗੀ ਖੇਤੀ ਮਸ਼ੀਨਰੀ ਦਾ ਮਾਲਿਕ ਬਣ ਬੈਠਾ ਹੈ। ਉਹ ਆਪਣੇ ਧੀਆਂ-ਪੁੱਤਾਂ ਦੇ ਵਿਆਹਾਂ 'ਤੇ ਲੋੜ ਤੋਂ ਵੱਧ ਖਰਚ ਕਰਦਾ ਹੈ। ਇੱਥੋਂ ਤੱਕ ਕਿ ਮੋਬਾਇਲ ਫੋਨ ਰੱਖਦਾ ਹੈ, ਮੋਟਰ ਸਾਈਕਲ ਰੱਖਦਾ ਹੈ। ਉਸਨੂੰ ਆਪਣੇ ਲਈ ਆਲੀਸ਼ਾਨ ਰੈਣ-ਬਸੇਰਾ ਉਸਾਰਨ ਦਾ ਝੱਲ ਚੜਿਆ ਹੋਇਆ ਹੈ।ਉਪ੍ਰੋਕਤ ਗੱਲਾਂ ਦੀ ਰੌਸ਼ਨੀ ਵਿੱਚ ਅੱਜ ਅਸੀਂ ਕੁੱਝ ਅਜਿਹੇ ਤੱਥਾਂ ਤੋਂ ਪਰਦਾ ਚੁੱਕਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਾਂਗੇ ਜਿਹੜੇ ਅੱਜ ਤੱਕ ਸਾਡੇ ਬੁੱਧੀਜੀਵੀਆਂ ਤੇ ਅਰਥਸ਼ਾਸ਼ਤਰੀਆਂ ਦੇ ਚਿੰਤਨ ਜਾਂ ਸ਼ੋਧ ਦਾ ਵਿਸ਼ਾ ਹੀ ਨਹੀਂ ਬਣ ਸਕੇ। ਮਿੱਤਰੋ! ਕਿਸੇ ਵੀ ਚੀਜ 'ਤੇ ਉੱਡਦੀ ਜਿਹੀ ਨਿਗ੍ਹਾ ਮਾਰ ਕੇ ਉਸ ਬਾਰੇ ਕੋਈ ਵੀ ਫ਼ੈਸਲਾ ਕਰ ਲੈਣਾ ਬਹੁਤ ਸੌਖਾ ਹੋ ਸਕਦਾ ਹੈ ਪਰ, ਸੱਚਾਈ ਇਹ ਵੀ ਹੈ ਕਿ ਦਰਿਆ ਦੇ ਵਹਿਣ ਦੇ ਉਲਟ ਤੈਰ ਨਹੀਂ ਹੁੰਦਾ। ਫਿਰ ਵੀ ਕੁਝ ਲੋਕ ਜਾਣੇ-ਅਣਜਾਣੇ ਸਾਡੇ ਖੇਤੀ ਸੰਕਟ ਬਾਰੇ ਇੱਕ ਵੱਡੇ ਝੂਠ ਨੂੰ ਸਥਾਪਤ ਕਰਨ ਵਾਸਤੇ ਜੀਅ ਤੋੜ ਯਤਨ ਕਰ ਰਹੇ ਹਨ (ਜਿਹਦੇ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਆਏ ਹਾਂ)। ਰਤਾ ਕੁ ਇਮਾਨਦਾਰੀ ਤੇ ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਅਜੋਕੇ ਖੇਤੀ ਸੰਕਟ ਦੀਆਂ ਜੜ੍ਹਾਂ ਕਿਸਾਨ ਦੇ ਘਰ ਵਿੱਚ ਨਹੀਂ ਸਗੋਂ ਕਿਸਾਨ ਅਤੇ ਕਿਸਾਨੀ ਵਿਰੋਧੀ ਖੇਤੀ ਨੀਤੀਆਂ ਵਿੱਚ ਹਨ। ਜਿਹਨਾਂ ਦਾ ਅਰੰਭ ਸੱਤਰਵਿਆਂ ਦੀ ਸ਼ੁਰੂਆਤ ਵਿੱਚ ਹੋਇਆ ਸੀ ਤੇ ਜਿਹੜੀਆਂ ਅੱਜ ਹੋਰ ਵੀ ਤੀਬਰਤਾ ਅਤੇ ਬੇਸ਼ਰਮੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਦੇ ਚਲਦਿਆਂ ਖੇਤੀ ਦੇ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਵੱਡਾ ਖੋਰਾ ਲੱਗਿਆ ਹੈ। ਹੁਣ ਖੇਤੀ ਸਭਿਆਚਾਰ ਨਹੀਂ ਸਗੋਂ ਆਰਥਿਕ ਮਸਲਾ ਬਣ ਚੁੱਕੀ ਹੈ। ਇੱਥੋਂ ਤੱਕ ਕਿ ਕਿਸਾਨ ਵੀ ਖੇਤੀ ਨਾਲ ਜੁੜੀਆਂ ਪੁਰਾਤਨ ਕਦਰਾਂ ਤੇ ਰੀਤੀ-ਰਿਵਾਜ਼ਾਂ ਤੋਂ ਕਦੋਂ ਦਾ ਬੇਮੁੱਖ ਹੋ ਚੁੱਕਾ ਹੈ। ਹੁਣ ਬਿਜਾਈ ਕਰਦੇ ਸਮੇਂ ਕਿਸਾਨ ਚਿੜੀ-ਜਨੌਰ ਦੇ ਹਿੱਸੇ ਦੇ ਦਾਣਿਆਂ ਜਾਂ ਅੰਨ ਦੀ ਗੱਲ ਨਹੀਂ ਕਰਦਾ ਤੇ ਨਾ ਹੀ ਕੋਈ ਸੁਆਣੀ ਭੱਤਾ ਲੈ ਕੇ ਖੇਤ ਜਾਂਦੀ ਹੈ। ਖੇਤੀ ਨਾਲ ਕਿਸਾਨ ਦਾ ਮਾਂ ਪੁੱਤ ਵਾਲਾ ਰਿਸ਼ਤਾ ਦਮ ਤੋੜ ਗਿਆ ਹੈ। ਅੱਜ ਜਿਮੀਂਦਾਰ ਮਸਾਂ ਤਿੰਨੀ-ਚੌਹੀਂ ਦਿਨੀਂ ਖੇਤ ਫੇਰਾ ਪਾਉਂਦਾ ਹੈ ਤੇ ਉਹ ਵੀ ਪੱਠਿਆਂ ਜਾਂ ਨੀਰੇ ਦੇ ਬਹਾਨੇ। ਸੋਚਣ ਦੀ ਗੱਲ ਇਹ ਹੈ ਕਿ ਕੀ ਏਡਾ ਵੱਡਾ ਬਦਲਾਅ ਆਪ-ਮੁਹਾਰੇ ਆ ਗਿਆ ਜਾਂ ਫਿਰ ਇਸ ਵਾਸਤੇ ਬਾਕਾਇਦਾ ਜ਼ਮੀਨ ਤਿਆਰ ਕੀਤੀ ਗਈ ਸੀ? ਜਵਾਬ ਵਾਕ ਦੇ ਦੂਜੇ ਹਿੱਸੇ ਵਿੱਚ ਹੈ। ਪੂਰੇ ਦੇਸ਼ ਨੂੰ ਬਹੁਰਾਸ਼ਟਰੀ ਕੰਪਨੀਆਂ ਤੇ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁਤਲੀ ਬਣਾਉਣ ਤੇ ਤੁਲੀਆਂ ਸਰਕਾਰਾਂ ਨੂੰ ਕਿਸਾਨ ਨਹੀਂ ਬਲਕਿ ਉਹਨਾਂ ਦੀਆਂ ਜ਼ਮੀਨਾਂ ਲੋੜੀਂਦੀਆਂ ਹਨ। ਜਿਹਨਾਂ ਉੱਤੇ ਐੱੇਸ ਈ ਜੈੱਡ ਵਰਗੇ, ਵਿਕਾਸ ਦੇ ਪੱਛਮੀ ਮਾਡਲ ਖੜੇ ਕਰਕੇ ਦੇਸ਼ ਦਾ ਭ੍ਰਿਸ਼ਟ ਰਾਜਨੀਤਕ ਤੇ ਪ੍ਰਸ਼ਾਸ਼ਨਿਕ ਤੰਤਰ ਆਪਣੀਆਂ-ਆਪਣੀਆਂ ਗੋਗੜਾਂ ਨੂੰ ਹੋਰ ਫੁਲਾਉਣ ਦੀ ਬਦਨੀਅਤੀ ਦਾ ਸ਼ਿਕਾਰ ਹੋ ਚੁੱਕਾ ਹੈ। ਰਾਜਨੀਤਕ ਦਲਾਂ ਉੱਤੇ ਪੂੰਜੀਵਾਦੀ ਤਾਕਤਾਂ ਜਕੜ ਇੰਨੀ ਮਜ਼ਬੂਤ ਹੈ ਕਿ ਕੋਈ ਵੀ ਰਾਜਨੀਤਕ ਦਲ ਸੱਤਾਧਾਰੀ ਜਾਂ ਸੱਤਾਹੀਨ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਹਿੰਮਤ ਤਾਂ ਦੂਰ; ਇੱਛਾ ਵੀ ਨਹਂੀਂ ਰੱਖਦਾ। ਇਹ ਕਿਸਾਨਾਂ ਦੀ ਹੀ ਨਹਂੀ ਪੂਰੇ ਦੇਸ਼ ਦੀ ਬਦਕਿਸਮਤੀ ਹੈ ਕਿ ਕਿਸਾਨ ਅਤੇ ਕਿਸਾਨੀਂ ਦੇ ਨਾਂਅ 'ਤੇ ਰਾਜਨੀਤਕ ਰੋਟੀਆਂ ਸੇਕਣ ਵਾਲੇ ਸੱਤਾ 'ਚ ਆਉਂਦਿਆਂ ਹੀ ਕਿਸਾਨ ਅਤੇ ਕਿਸਾਨੀ ਦੀ ਕੀਮਤ 'ਤੇ ਪੂੰਜੀਵਾਦੀ ਰਾਸ਼ਟਰਾਂ ਅਤੇ ਬਹੁਕੌਮੀ ਕੰਪਨੀਆਂ ਦੇ ਹੱਥਾਂ ਵਿੱਚ ਖੇਡਣ ਲਗ ਪੈਂਦੇ ਹਨ।ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਦੀ ਨਿਯੁਕਤੀ ਇਸ ਦੀ ਇੱਕ ਤਾਜਾ ਮਿਸਾਲ ਹੈ। ਮਨਜੀਤ ਸਿੰਘ ਕੰਗ ਨਾਂਅ ਦਾ ਇਹ ਵਿਅਕਤੀ, ਜਿਹੜਾ ਕੁਝ ਸਮਾਂ ਪਹਿਲਾਂ ਤੱਕ ਖੇਤੀ ਇਨਪੁਟਸ ਦੇ ਵਪਾਰ ਰਾਹੀਂ ਕਿਸਾਨਾਂ ਦੀ ਅੰਨਂ੍ਹੀ ਲੁੱਟ ਕਰਨ ਵਾਲੀ ਕਾਰਗਿਲ ਨਾਮਕ ਇੱਕ ਅਮਰੀਕੀ ਬਹੁਕੌਮੀ ਕੰਪਨੀ ਦਾ ਰਿਸਰਚ ਮਨੇਜਰ ਸੀ, ਅੱਜ ਪੀ.ਏ.ਯੂ.ਦਾ ਵਾਈਸ ਚਾਂਸਲਰ ਹੈ। ਇਸ ਵਿਅਕਤੀ ਨੇ ਪੀ.ਏ.ਯੂ. ਦੇ ਵਾਇਸ ਚਾਂਸਲਰ ਦੇ ਨਾਂਅ 'ਤੇ ਜਿਹੜਾ ਪਲੇਠਾ ਬਿਆਨ ਦਿੱਤਾ, ਉਸ ਦਾ ਸਾਰ ਇਹ ਹੈ ਕਿ ਜੈਨਿਟੀਕਲੀ ਮੋਡੀਫਾਈਡ (ਜੀ ਐਮ) ਫਸਲਾਂ ਹੀ ਪੰਜਾਬ ਦੇ ਖੇਤੀ ਸੰਕਟ ਦਾ ਖਾਤਮਾ ਕਰ ਸਕਦੀਆਂ ਹਨ। ਏਥੇ ਇਹ ਦੱਸਣਾ ਬਹੁਤ ਜਰੂਰੀ ਹੈ ਕਿ 'ਕਾਰਗਿਲ' ਉਹੀ ਕੰਪਨੀ ਹੈ ਜਿਹੜੀ ਸਾਡੇ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਦੀ ਖੇਤੀ ਉੱਤੇ ਜੀ ਐਮ ਫਸਲਾਂ ਦਾ ਗਲਬਾ ਪਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲÂਂੀ ਤਤਪਰ ਹੈ। ਸਾਰੀ ਦੁਨੀਆਂ ਨੂੰ ਜੀ ਐਮ ਫਸਲਾਂ ਲਈ ਬਾਜ਼ਾਰ ਵਿੱਚ ਤਬਦੀਲ ਕਰਨਾ ਹੀ ਅੰਨ੍ਹੀ ਮੁਨਾਫ਼ੇਖੋਰੀ ਦੇ ਲੋਭ ਦੀ ਸ਼ਿਕਾਰ ਇਸ ਕੰਪਨੀ ਦਾ ਮੁੱਖ ਏਜੰਡਾ ਹੈ। ਜਿਸਦੇ ਅਨੇਕਾਂ ਖੋਜ ਕੇਂਦਰਾਂ ਵਿੱਚ ਮਨੁੱਖਤਾ ਦੇ ਨਾਲ-ਨਾਲ ਪੂਰੀ ਕਾਇਨਾਤ ਅਤੇ ਵਾਤਾਵਰਣ ਲਈ ਅਤਿਅੰਤ ਖ਼ਤਰਨਾਕ ਸਾਬਿਤ ਹੋ ਰਹੀ ਇਸ ਸ਼ੈਤਾਨੀ ਤਕਨੋਲਾਜੀ ਉੱਪਰ ਵੱਡੇ ਪੈਮਾਨੇ 'ਤੇ ਕੰਮ ਚੱਲ ਰਿਹਾ ਹੈ। ਸ਼੍ਰੀਮਾਨ ਵਾਈਸ ਚਾਂਸਲਰ ਦੇ ਉਪ੍ਰੋਕਤ ਬਿਆਨ ਤੋਂ ਇਹ ਗੱਲ ਭਲੀ-ਪ੍ਰਕਾਰ ਸਪਸ਼ਟ ਹੁੰਦੀ ਹੈ ਕਿ ਪੰਜਾਬ ਹੀ ਨਹੀਂ ਸਾਰੇ ਹਿੰਦੋਸਤਾਨ ਦੀ ਖੇਤੀ ਦੇ ਸੰਬੰਧ ਵਿੱਚ ਫੈਸਲੇ ਕਿਹਦੇ ਵੱਲੋਂ ਤੇ ਦੁਨੀਆਂ ਦੇ ਕਿਸ ਕੋਨੇ ਚੋਂ ਲਏ ਜਾਣਗੇ ਅਤੇ ਇਸ ਵਿਅਕਤੀ ਨੂੰ ਕਿਹਦੇ ਹਿੱਤ ਪਿਆਰੇ ਹਨ? ਇਸ ਵਿਅਕਤੀ ਨੂੰ, ਖਾਸ ਤੌਰ 'ਤੇ ਅਮਰੀਕਾ ਤੋਂ ਵਾਪਸ ਬੁਲਾ ਕੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਰਵਉੱਚ ਅਹੁਦੇ 'ਤੇ ਬਿਠਾਉਣ ਵਾਲਿਆ ਦੀ ਨੀਅਤ ਵੀ ਸਭ ਅੱਛਾ ਹੋਣ ਦਾ ਅਹਿਸਾਸ ਨਹੀਂ ਕਰਵਾਂਉਦੀ।ਹੁਣ ਤੁਸੀਂ ਹੀ ਸੋਚੋ ਕਿ ਸਾਡੀ ਖੇਤੀ ਖੋਜ ਤੇ ਵਿਉਂਤਬੰਦੀ ਦਾ ਜਿੰਮਾ ਜੇਕਰ ਅਜਿਹੇ ਵਿਅਕਤੀ ਕੋਲ ਹੋਵੇਗਾ ਜਿਹੜਾ ਜਹਿਨੀ ਪੱਖੋਂ ਪੂਰੀ ਤਰ੍ਹਾਂ ਅਮਰੀਕੀ ਸੋਚ ਅਤੇ ਬਹੁਕੌਮੀ ਕੰਪਨੀਆਂ ਦੇ ਖਾਸ ਤਰ੍ਹਾਂ ਦੇ ਸਾਂਚੇ ਵਿੱਚ ਢਲਿਆ ਹੋਇਆ ਹੈ ਤਾਂ ਕਿਸਾਨ ਅਤੇ ਕਿਸਾਨੀਂ ਦਾ ਹਸ਼ਰ ਕਿਹੋ ਜਿਹਾ ਹੋਵੇਗਾ?ਉਪਰੋਕਤ ਅਤੇ ਇਸ ਵਰਗੇ ਅਨੇਕਾਂ ਹੀ ਨੰਗੇ-ਚਿੱਟੇ ਸੱਚਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜ਼ੂਦ ਵੀ ਸਾਡਾ ਬੁੱਧੀਜੀਵੀ ਵਰਗ ਤੇ ਅਰਥਸ਼ਾਸ਼ਤਰੀ ਤਬਕਾ ਖੇਤੀ ਦੀ ਅਜੋਕੀ ਦੁਰਦਸ਼ਾ ਲਈ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾ ਕੇ ਪਤਾ ਨਹੀਂ ਕੀ ਸਾਬਿਤ ਕਰਨਾ ਚੰਹੁਦਾ ਹੈ? ਜਦੋਂ ਮੈਂ ਇਸ ਸਾਰੇ ਮਸਲੇ ਦੀ ਤਹਿ ਤੱਕ ਪਹੁੰਚਣ ਵਾਸਤੇ ਕਰਜ਼ੇ ਅਤੇ ਜਿੱਲਤ ਦੀ ਦਲਦਲ 'ਚ ਬੁਰੀ ਤਰ੍ਹਾਂ ਫਸੇ ਹੋਏ ਦੇਸ਼ ਦੇ ਅੰਨਦਾਤੇ ਦੇ ਰੁਬਰੂ ਹੋਇਆ ਤਾਂ ਪਿੰਡ ਦਬੜੀਖਾਨਾ, ਜ਼ਿਲ੍ਹਾ ਫ਼ਰੀਦਕੋਟ ਦੇ ਰਹਿਣ ਵਾਲੇ ਮੇਰੇ ਇੱਕ ਕਿਸਾਨ ਮਿੱਤਰ ਸ: ਦਰਸ਼ਨ ਸਿੰਘ ਬਲਾੜ੍ਹੀਆ ਨੇ ਮੇਰੇ ਅੱਗੇ ਕੁੱਝ ਅਜਿਹੇ ਤੱਥ ਰੱਖੇ ਜਿਹਨਾਂ ਤੱਕ, ਖੇਤੀ ਸੰਕਟ ਦਾ ਅਖੌਤੀ ਅਤੇ ਇੱਕ ਤਰਫਾ ਮੁਲਾਂਕਣ ਕਰਨ ਵਾਲੇ ਸਾਡੇ ਬੁੱਧੀਜੀਵੀ ਵਰਗ ਨੇ ਪਹੁੰਚਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਫਿਰ ਜਿਹਨਾਂ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ।ਆਓ ਹੁਣ ਮੁੜ 1970ਵਿਆਂ ਵੱਲ ਪਰਤੀਏ ਤੇ ਦੇਖੀਏ ਕਿ ਆਖ਼ਿਰ ਮਾਜ਼ਰਾ ਕੀ ਹੈ। ਗੱਲ ਸਨ 1967 ਤੋਂ 2006 ਤੱਕ ਦੇ ਸਮੇਂ ਦੌਰਾਨ ਵੱਖ-ਵੱਖ ਖੇਤੀ ਅਤੇ ਘਰੇਲੂ ਵਸਤਾਂ ਦਾ ਤੁਲਨਾਤਮਕ ਆਰਥਿਕ ਮੁਲਾਂਕਣ ਕਰਦਿਆ ਸ਼ੁਰੂ ਕਰਦੇ ਹਾਂ। 1967 ਵਿੱਚ ਕਣਕ ਦਾ ਨਿਰਧਾਰਤ ਖਰੀਦ ਮੁੱਲ 76 ਰੁਪਏ ਪ੍ਰਤੀ ਕੁਇੰਟਲ ਅਤੇ ਨਰਮੇਂ ਦੀ ਕੀਮਤ 267 ਰੁ: ਪ੍ਰਤੀ ਕੁਇੰਟਲ ਸੀ। ਏਸੇ ਸਮੇਂ ਯੂਰੀਆ ਅਤੇ ਡੀ ਏ ਪੀ (ਰਸਾਇਣਕ ਖਾਦਾਂ) ਦੀ ਕੀਮਤ ਕ੍ਰਮਵਾਰ 36 ਅਤੇ 68 ਰੁਪਏ ਪ੍ਰਤੀ ਗੱਟਾ ਜਾਂ ਪ੍ਰਤੀ 50ਕਿਲੋਗਰਾਮ ਸੀ। ਜੇ ਖੇਤੀ ਮਸ਼ੀਨਰੀ ਦੀ ਗੱਲ ਕਰੀਏ ਤਾਂ ਉਸ ਵੇਲੇ 35 ਹਾਰਸ ਪਾਵਰ ਦਾ ਇੱਕ ਟਰੈਕਟਰ 14600 ਰੁਪਏ ਦੀ ਕੀਮਤ 'ਤੇ ਉਪਲਭਧ ਸੀ ਅਤੇ ਡੀਜ਼ਲ ਦੀ ਕੀਮਤ 63 ਪੈਸੇ ਪ੍ਰਤੀ ਲੀਟਰ ਸੀ। ਇਸਦੇ ਮੁਕਬਲਸਤਨ 2006 ਵਿੱਚ ਇਹ ਕੀਮਤਾਂ ਇਸ ਤਰਾਂ੍ਹ ਸਨ- ਕਣਕ 700 ਰੁ: ਪ੍ਰਤੀ ਕੁਇੰਟਲ, ਯੂਰੀਆ 244 ਰੁਪਏ ਪ੍ਰਤੀ ਗੱਟਾ ਅਤੇ ਡੀ ਏ ਪੀ 467 ਰੁਪਏ ਪ੍ਰਤੀ ਗੱਟਾ। ਏਸੇ ਸਮੇਂ 35 ਹਾਰਸ ਪਾਵਰ ਦੇ ਇੱਕ ਟਰੈਕਟਰ ਦੀ ਕੀਮਤ ਲਗਭਗ 4 ਲੱਖ ਰੁਪਏੇ ਅਤੇ ਡੀਜ਼ਲ ਤਕਰੀਬਨ 29 ਰੁਪÂ ੇ50 ਪੇਸੇ ਪ੍ਰਤੀ ਲੀਟਰ ਸੀ। ਤਸਵੀਰ ਹਾਲਾਂ ਅਧੂਰੀ ਹੈ, ਸਿੱਕੇ ਦੇ ਦੂਜਾ ਪਹਿਲੂ ਵੀ ਸਾਡੇ ਧਿਆਨ ਦੀ ਮੰਗ ਕਰਦਾ ਹੈ। ਆਓ ਹੁਣ ਜੀਵਨ ਦੀਆਂ ਮੁੱਖ ਜ਼ਰੂਰਤਾਂ ਨਾਲ ਸੰਬੰਧਤ ਕੁਝ ਬੇਹੱਦ ਮਹੱਤਵਪੂਰਣ ਵਸਤਾਂ ਦੀਆਂ ਕੀਮਤਾਂ ਨੂੰ ਵੀ ਉਪ੍ਰੋਤਕ ਨਜ਼ਰੀਏ ਨਾਲ ਦੇਖੀਏ। ਸਨ 1967 ਵਿੱਚ ਸੀਮੈਂਟ ਦੀ ਕੀਮਤ 8 ਰੁਪਏ ਪ੍ਰਤੀ ਗੱਟਾ ਸੀ, ਜਿਹੜੀ ਕਿ 2006 ਤੱਕ ਪੁੱਜਦਿਆਂ-ਪੁੱਜਦਿਆਂ 225 ਰੁ: ਪ੍ਰਤੀ ਗੱਟੇ ਤੱਕ ਪੁੱਜ ਚੁੱਕੀ ਸੀ। ਪੱਕੀ ਇੱਟ 45 ਰੁ: ਪ੍ਰਤੀ ਇੱਕ ਹਜ਼ਾਰ ਸੀ 2006 ਵਿੱਚ 1900 ਰੁ: ਪ੍ਰਤੀ ਹਜ਼ਾਰ ਤੱਕ ਅੱਪੜ ਚੁੱਕੀ ਸੀ। ਸੋਨਾ ਜਿਹੜਾ ਕਿ 1967 ਵਿੱਚ 200 ਰੁ: ਪ੍ਰਤੀ 10 ਗਰਾਮ ਸੀ 2006 ਵਿੱਚ 10 ਹਜ਼ਾਰ ਪ੍ਰਤੀ 10 ਗਰਾਮ ਦੀ ਵੱਡੀ ਕੀਮਤ ਨੂੰ ਛੋਹ ਚੁੱਕਾ ਸੀ।ਇਹਨਾਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਿੱਚ 1967 ਤੋਂ 2006 ਤੱਕ ਬੀਤੇ 39 ਸਾਲਾਂ ਦੌਰਾਨ ਹੋਏ ਵਾਧੇ ਦੇ ਪ੍ਰਤੀਸ਼ਤਾਂ ਵਿਚਲਾ ਵੱਡਾ ਪਾੜਾ, ਜਿਉਂਦੀ ਜ਼ਮੀਰ ਵਾਲੇ ਕਿਸੇ ਇਨਸਾਨ ਦੇ ਵੀ ਰੌਂਂਗਟੇ ਖੜੇ ਕਰ ਸਕਣ ਦਾ ਮਾਦਾ ਰੱਖਦਾ ਹੈ। ਇਸ ਸਮੇਂ ਦੌਰਾਨ, ਕਣਕ ਅਤੇ ਨਰਮੇਂ ਦੀ ਕੀਮਤ ਵਿੱਚ ਜਿੱਥੇ ਕ੍ਰਮਵਾਰ 821% ਪ੍ਰਤੀ ਕੁਇੰਟਲ ਅਤੇ 649% ਪ੍ਰਤੀ ਕੁਇੰਟਲ ਵਾਧਾ ਹੋਇਆ ਉੱਥੇ ਹੀ ਯੂਰੀਆ ਦੀ ਕੀਮਤ 1154% ਪ੍ਰਤੀ ਕੁਇੰਟਲ, ਡੀ ਏ ਪੀ ਦੀ ਕੀਮਤ 1173% ਪ੍ਰਤੀ ਕੁਇੰਟਲ 35 ਹਾਰਸ ਪਾਵਰ ਦੇ ਟਰੈਕਟਰ ਦੀ ਕੀਮਤ 2639% ਪ੍ਰਤੀ ਟਰੈਕਟਰ ਅਤੇ ਡੀਜ਼ਲ ਦੀ ਕੀਮਤ 4582% ਪ੍ਰਤੀ ਲੀਟਰ ਦੇ ਹਿਸਾਬ ਨਾ ਵਧ ਚੁੱਕੀ ਸੀ। ਏਨਾਂ ਹੀ ਨਹੀਂ ਏਸੇ ਸਮੇ ਦੌਰਾਨ ਸੀਮੈਂਟ ਦੀ ਕੀਮਤ ਵਿੱਚ 5424% ਪ੍ਰਤੀ ਕੁਇੰਟਲ, ਪੱਕੀ ਇੱਟ ਦੀ ਕੀਮਤ ਵਿੱਚ 4122% ਪ੍ਰਤੀ ਹਜ਼ਾਰ ਅਤੇ ਸੋਨੇ ਦੀ ਕੀਮਤ ਵਿੱਚ 4900% ਪ੍ਰਤੀ ਦਸ ਗਰਾਮ ਦੇ ਹਿਸਾਬ ਨਾਲ ਵਾਧਾ ਰਿਕਾਰਡ ਹੋਇਆ। ਕਿਸਾਨ ਨੂੰ ਫ਼ਜ਼ੂਲ ਖਰਚ ਦੇ ਖਿਤਾਬ ਨਾਲ ਨਿਵਾਜਣ ਵਾਲਿਆਂ ਨੂੰ ਘੱਟੋ-ਘੱਟ ਇਹ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਉਸ ਕੋਲ ਫ਼ਜ਼ੂਲ ਖਰਚੀ ਲਈ ਪੈਸਾ ਬਚਦਾ ਹੀ ਕਿੰਨਾ ਹੋਵੇਗਾ। ਛੇ ਮਹੀਨੇ ਮਿੱਟੀ ਨਾਲ ਮਿੱਟੀ ਹੋਣ ਤੋਂ ਬਾਅਦ ਵੀ ਕਿਸਾਨ ਦੀ ਜੇਬ 'ਚ ਪੈਸਾ ਇੱਕ ਖਾਸ ਚੱਕਰ ਪੂਰਾ ਕਰਨ ਮਗਰੋਂ ਹੀ ਪੁਜਦਾ ਹੈ ਅਤੇ ਕਿਸਾਨ ਉਸ ਚੱਕਰ ਦੀ ਅੰਤਿਮ ਕੜ੍ਹੀ ਹੋ ਨਿਬੜਦਾ ਹੈ। ਇਸ ਚੱਕਰ ਦੀ ਬਣਤਰ ਦੇਖੋ-1ਬੀਜ਼ ਵਿਕਰੇਤਾ, 2 ਰਸਾਇਣਕ ਖਾਦ ਵਿਕਰੇਤਾ,3 ਰਸਾਇਣਕ ਅਤੇ ਸਿੰਥੈਟਕ ਕੀਟਨਾਸ਼ਕ ਵਿਕਰੇਤਾ, 4 ਆੜ੍ਹਤੀਆ, 5 ਸਹਿਕਾਰੀ ਬੈਂਕ, 6 ਰਾਸ਼ਟਰੀਕ੍ਰਿਤ ਬੈਂਕ, 7 ਖੇਤੀ ਸੰਦ ਅਤੇ ਟਰੈਕਟਰ ਵਿਕਰੇਤਾ, 8 ਡੀਜ਼ਲ ਵਿਕਰੇਤਾ 9 ਖੇਤ ਮਜ਼ਦੂਰ ਜਾਂ ਦਿਹਾੜੀਦਾਰ ਕਾਮਾ, 10 ਕਿਸਾਨ। ਇਸ ਚੱਕਰਵਿਊ 'ਚ ਫਸੇ ਕਿਸਾਨ ਉੱਤੇ ਭਲਾ ਕਿਹੜੇ ਆਧਾਰ 'ਤੇ ਫ਼ਜ਼ੂਲ ਖਰਚ ਹੋਣ ਦੇ ਦੋਸ਼ ਲਗਾਇਆ ਜਾਂਦਾ ਹੈ? ਉੱਪਰ ਦਿੱਤੇ ਵੇਰਵੇ ਦੇ ਆਧਾਰ 'ਤੇ ਅਸੀਂ, ਅਤਿ ਦੀ ਜਿੱਲਤ ਅਤੇ ਲਾਚਾਰੀ ਦੀ ਦਲਦਲ 'ਚ ਬੁਰੀ ਤਰ੍ਹਾਂ ਫਸੀ ਹੋਈ ਪੰਜਾਬ ਦੀ ਕਿਸਾਨੀਂ ਵੱਲੋਂ ਮੁਖਾਤਿਬ ਹਾਂ, ਉਸ ਬੁਧੀਜੀਵੀ ਤੇ ਅਰਥਸ਼ਾਸ਼ਤਰੀ ਤਬਕੇ ਨੂੰ ਜਿਹੜਾ ਭੋਲੇ-ਭਾਲੇ ਕਿਸਾਨ ਦੀ ਅਣਹੋਣੀ ਦਾ ਠੀਕਰਾ ਉਸਦੇ ਹੀ ਸਿਰ ਭੰਨ ਕੇ ਕੱਛਾਂ ਵਜਾਉਂਦਾ ਫਿਰਦੈ। ਜੇਕਰ ਹਾਲਾਂ ਵੀ ਕੋਈ ਕਸਰ ਬਾਕੀ ਹੈ ਤਾਂ ਝੂਠ ਦੇ ਕੁੱਝ ਹੋਰ ਵੱਡੇ-ਵੱਡੇ ਪਹਾੜ ਖੜੇ ਕਰਕੇ ਸਾਡੀ ਕੌਮ ਦੀ ਰੀੜ, ਕਿਸਾਨੀਂ ਅਤੇ ਰਾਸ਼ਟਰੀ ਸਰਮਾਏ ਦੇ ਧੁਰੇ, ਕਿਸਾਨ ਦੀਆਂ ਜੜ੍ਹਾਂ 'ਚ ਤੇਲ ਪਾਉਣ ਦਾ ਕੰਮ ਨਿਰੰਤਰ ਜਾਰੀ ਰੱਖੋ। ਪਰ ਯਾਦ ਰੱਖਿਓ ਕਿਸਾਨ ਅਤੇ ਕਿਸਾਨੀਂ ਦੀ ਮੌਤ ਦਾ ਖਾਮਿਆਜ਼ਾ ਤੁਹਾਨੂੰ ਵੀ ਏਥੇ ਹੀ ਭੁਗਤਣਾ ਪਵੇਗਾ ਅਤੇ ਉਹ ਸਮਾਂ ਹਰ ਆਮ ਤੇ ਖਾਸ ਲਈ ਬਹੁਤ ਭਾਰੀ ਹੋਵੇਗਾ।ਜਾਣੇ-ਅਣਜਾਣੇ ਜਿੰਨਾ ਸਮਾਂ ਅਤੇ ਊਰਜ਼ਾ ਅਜੋਕੇ ਖੇਤੀ ਸੰਕਟ ਲਈ ਕਿਸਾਨ ਵੀਰਾਂ ਨੂੰ ਜਿੰਮੇਦਾਰ ਠਹਿਰਾਉਣ 'ਚ ਅਜਾਂਈ ਗਵਾਈ ਜਾ ਚੁੱਕੀ ਹੈ, ਉਸਤੋਂ ਕਿਤੇ ਘੱਟ ਸਮਾਂ ਤੇ ਊਰਜ਼ਾ ਖਰਚ ਕਰਕੇ, ਕਿਸਾਨ ਅਤੇ ਕਿਸਾਨੀਂ ਦੇ ਵੈਰੀ ਸਾਡੇ ਇਹਨਾਂ ਨੀਲੇ, ਚਿੱਟੇ ਅਤੇ ਲਾਲ ਰਹਿਬਰਾਂ ਦੀਆਂ ਅੱਖਾਂ ਤੇ ਪਏ ਬਹੁਕੌਮੀ ਕੰਪਨੀਆਂ ਦੇ ਮੋਹ ਦੇ ਪਰਦੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤੇ ਅੱਜ ਲੋੜ ਵੀ ਏਸੇ ਹੀ ਗੱਲ ਦੀ ਹੈ।
ਜਿਹੜੇ ਮਹੀਕੋ, ਮਨਸੈਂਟੋ ਦੇ ਦਲਾਲ ਲੱਗਦੇ,
ਉਹਨਾਂ ਢੌਂਗੀਆਂ ਦੇ ਢੌਂਗ ਹੁਣ ਹੋਰ ਨਾ ਜਰੋ,
ਬਗ਼ਾਵਤ ਕਰੋ, ਬਗ਼ਾਵਤ ਕਰੋ, ਬਗ਼ਾਵਤ ਕਰੋ।
ਜਿਨ੍ਹਾਂ ਆਪਣੇ ਹੀ ਵਿਰਸੇ ਨੂੰ ਕੀਤਾ ਤਾਰ -ਤਾਰ,
ਜਿਨ੍ਹਾਂ ਆਪਣੇ ਹੀ ਲੋਕਾਂ ਦਾ ਹੈ ਕਰਿਆ ਸ਼ਿਕਾਰ,
ਵੇਲਾ ਆ ਗਿਆ ਸ਼ਿਕਾਰ ਹੁਣ ਉਹਨਾਂ ਦਾ ਕਰੋ,
ਆਜ-ਕਲ ਹਮਕੋ ਤੇਰੀ ਯਾਦ ਬਹੁਤ ਆਤੀ ਹੈ,ਵ
ਮਗਰ ਐਸਾ ਭੀ ਨਹੀਂ ਕਿ ਮੇਰੀ ਜਾਨ ਨਿਕਲੀ ਜਾਤੀ ਹੈ।
ਰੰਜ਼ ਇਸ ਬਾਤ ਕਾ ਹੈ ਕਿ ਤੁਝੇ ਹਮਾਰੀ ਪਰਵਾਹ ਨਹੀਂ,
ਖੁਸ਼ੀ ਹੈ ਹਮਕੋ ਤੂ ਦੂਰ ਹਮਸੇ ਭੀ ਮੁਸਕਰਾਤੀ ਹੈ।
ਗਰਮ ਲੋਹੇ ਪੇ ਹਥੌੜੇ ਕਾ ਅਸਰ ਦੇਖੋ!
ਚੋਟ ਪੜਤੇ ਹੀ ਸ਼ਕਲੋ-ਸੂਰਤ ਬਦਲ ਜਾਤੀ ਹੈ।
ਇਸ਼ਕ ਕੀ ਡੋਰੀਆਂ ਕੱਚੀ ਮਗਰ ਕਮਜ਼ੋਰ ਨਹੀਂ,
ਯੇਹ ਬਾਤ ਹੈ ਅਲਗ ਕਿ ਉਲਝ ਜਾਤੀ ਹੈਂ।
ਹਜ਼ਾਰੋਂ ਸਿਤਾਰੋ ਮੇਂ ਭੀ ਚਾਂਦ ਤਨਹਾ ਹੈ ਸਦਾ,
ਅਸ਼ਕੋਂ ਮੇਂ ਘਿਰੀ ਜਿੰਦਗੀ ਕੁਛ ਐਸੀ ਹੀ ਨਜ਼ਰ ਆਤੀ ਹੈ।
ਆਪਣਾ ਪੰਜਾਬ
ਆਪਣਾ ਪੰਜਾਬ ਪਹਿਲਾਂ ਵਾਲਾ ਕਿੱਥੇ ਰਹਿ ਗਿਆ,
ਜ਼ਹਿਰ ਦਾ ਪਸਾਰ ਜੜ੍ਹਾਂ ਇਹਦੀਆਂ 'ਚ ਬਹਿ ਗਿਆ।
ਆਪਣਾ ਪੰਜਾਬ---
ਵਟਦੀਆਂ ਪੱਗਾਂ ਨਾ ਹੀ ਵਟਦੀਆਂ ਚੁੰਨੀਆਂ,
ਵੇਖਕੇ ਹਾਲਾਤ ਇਹਦੇ ਹੱਸਦੀ ਏ ਦੁਨੀਆਂ,
ਗੋਂਅ ਦੇ ਨੇ ਯਾਰ ਲੋਕੀਂ ਸਕੇ ਨਹੀਂ ਕਿਸੇ ਦੇ,
ਮੋਹ, ਮਹੁੱਬਤ, ਭਾਈਚਾਰਾ ਢੱਠੇ ਖੂਹ ਪੈ ਗਿਆ।
ਆਪਣਾ ਪੰਜਾਬ---
ਮਰ ਗਈ ਅਣਖ ਲੋਕੀਂ ਕਰਦੇ ਨੇ ਹੇਠੀਆਂ,
ਕੁੱਖ 'ਚ ਹੀ ਕਤਲ ਕਰਾ ਦਿੰਦੇ ਬੇਟੀਆਂ,
ਗੁਰੂਆਂ ਦੀ ਧਰਤੀ ਨੂੰ ਪਾਪਾਂ ਨਾਲ ਲੱਦਤਾ,
ਸਿਦਕ, ਈਮਾਨ ਖੌਰੇ ਕਿਹੜੇ ਰਾਹ ਪੈ ਗਿਆ।
ਆਪਣਾ ਪੰਜਾਬ---
ਮਾਤਾ ਧਰਤ ਮਹਤੁ ਉੱਤੇ ਕਹਿਰ ਕਮਾਂਵਦੇ,
ਪਾਣੀ ਪਿਤਾ 'ਚ ਨਿੱਤ ਜ਼ਹਿਰ ਮਿਲਾਂਵਦੇ,
ਲੋਭ ਦਾ ਗ੍ਰਹਿਣ ਬੁੱਧੀ ਤਾਂਈ ਖਾ ਗਿਆ,
ਸਬਰ-ਸੰਤੋਖ ਵਾਲਾ ਮਹਿਲ ਲੋਕੋ ਢਹਿ ਗਿਆ।
ਆਪਣਾ ਪੰਜਾਬ---
ਇੱਕ-ਇੱਕ ਦੇਹ ਨੂੰ ਹਜ਼ਾਰਾਂ ਲੱਗੇ ਰੋਗ ਨੇ,
ਹੋ ਗਏ ਨੇ ਕੰਗਾਲ ਲੋਕੀਂ ਘਰ-ਘਰ ਸੋਗ ਏ,
ਅੱਖੀਆਂ 'ਚੋਂ ਨੀਂਦ ਕਿਤੇ ਪਰ ਲਾ ਕੇ ਉੱਡ ਗਈ,
ਚੈਨ ਤੇ ਸਕੂਨ ਵੀ ਤਾਂ ਦੂਰ ਹੋ ਕੇ ਬਹਿ ਗਿਆ।
ਆਪਣਾ ਪੰਜਾਬ---
ਨਸ਼ੇ ਦੇ ਗੁਲਾਮ ਹੋ ਗਏ ਮੁੰਡੇ ਅਤੇ ਕੁੜੀਆਂ,
ਠੇਕਿਆਂ ਦੇ ਮੂਹਰੇ ਵੀ ਤਾਂ ਰਹਿਣ ਭੀੜਾਂ ਜੁੜੀਆਂ,
ਪੁੱਤ ਪੀਂਦਾ ਏ ਚਰਸ, ਸਮੈਕ ਤਿੜ-ਤਿੜ ਕੇ,
ਪਿਉ ਕਿਵੇਂ ਰੋਕੇ, ਜਿਹਨੂੰ ਦਾਰੂ ਲੱਕੋਂ ਲੈ ਲਿਆ।
ਧਰਤੀ ਪੁੱਤਰ
ਅਸੀਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਿਤਾ ਦੇ ਕਾਮਯਾਬ ਕੁਦਰਤੀ ਖੇਤੀ ਕਿਸਾਨ ਸ: ਹਰਤੇਜ ਸਿੰਘ ਮਹਿਤਾ ਦੇ ਰੂਬਰੁ ਹਾਂ। ਸ: ਮਹਿਤਾ ਆਪਣੀ ਗਿਆਰਾਂ ਦੀ ਗਿਆਰਾਂ ਏਕੜ ਪੈਲੀ ਵਿੱਚ ਕੁਦਰਤੀ ਖੇਤੀ ਕਰ ਰਹੇ ਹਨ।
ਰਸਾਇਣਕ ਖੇਤੀ ਦੀ ਲਗਾਤਾਰ ਮਾੜੀ ਕਾਰਗੁਜ਼ਾਰੀ ਤੋਂ ਤੰਗ ਆ ਕੇ, ਚਾਰ ਸਾਲ ਪਹਿਲਾਂ ਕੁਦਰਤੀ ਖੇਤੀ ਦੇ ਲੜ ਲੱਗਿਆ ਇਹ ਕਿਸਾਨ ਕੁਦਰਤੀ ਖੇਤੀ ਦੀ ਕਾਮਯਾਬੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਸ: ਮਹਿਤਾ ਨੇ ਦੱਸਿਆ ਕਿ ਲਗਾਤਾਰ ਕਈ ਸਾਲ ਨਰਮੇਂ ਤੇ ਮੱਕੀ ਦੀ ਰਸਾਇਣਕ ਫਸਲ ਦੇ ਅਸਫਲ ਹੋਣ ਕਰਕੇ ਮਨ ਵਿੱਚ ਨਿਰਾਸ਼ਾ ਘਰ ਕਰਦੀ ਜਾ ਰਹੀ ਸੀ। ਇੱਕ ਵਾਰ ਤਾਂ ਸਾਢੇ ਪੰਜ ਏਕੜ ਨਰਮਾਂ ਫਲ ਵਿਹੂਣਾ ਹੀ ਰਹਿ ਗਿਆਂ ਤੇ ਮੱਕੀ ਨੂੰ ਵੀ ਕੁੱਝ ਨਾ ਲੱਗਿਆ। ਬੀਜ, ਖਾਦ ਤੇ ਕੀਟਨਾਸ਼ਕਾਂ 'ਤੇ ਹੋਇਆ ਖਰਚਾ ਸਿਰ ਟੁੱਟ ਗਿਆ। ਅਜਿਹੀ ਹਾਲਤ ਵਿੱਚ ਖੇਤੀ ਪ੍ਰਤੀ ਮੇਰਾ ਉਤਸ਼ਾਹ ਲਗਭਗ ਖਤਮ ਹੀ ਹੋ ਚੱਲਿਆ ਸੀ। ਫਿਰ ਅਚਾਨਕ ਹੀ ਇੱਕ ਦਿਨ ਫੁਰਨਾਂ ਫੁਰਿਆ ਕਿ ਕਿਉਂ ਨਾ ਦੇਸੀ ਤਰੀਕੇ ਵਰਤ ਕੇ ਖੇਤੀ ਕੀਤੀ ਜਾਵੇ। ਮੇਰੇ ਮਿੱਤਰ ਜਸਪਾਲ ਸਿੰਘ ਸਿੱਧੂ ਪੱਤਰਕਾਰ ਯੂ. ਐੱਨ. ਆਈ. ਤੇ ਮੇਰੇ ਤਾਏ ਦੇ ਪੁੱਤ ਨੰਦ ਸਿੰਘ ਰਿਟਾ: ਅਧਿਆਪਕ- ਬੀ. ਐੱਸ. ਸੀ. ਖੇਤੀਬਾੜੀ ਨੇ ਵੀ ਮੇਰੇ ਇਸ ਵਿਚਾਰ ਦੀ ਪ੍ਰੋੜਤਾ ਕੀਤੀ ਤੇ ਮੈਨੂੰ ਉਤਸ਼ਾਹਿਤ ਕੀਤਾ। ਸੁੰਡੀ ਦੇ ਲੱਕ ਤੋੜਵੇਂ ਹਮਲੇ ਅਤੇ ਕੀੜੇਮਾਰ ਜ਼ਹਿਰਾਂ ਦੇ ਅਣਗਿਣਤ ਛਿੜਕਾਵਾਂ ਤੋਂ ਖਹਿੜਾ ਛੁਡਾਉਣ ਦਾ ਮੈਨੂੰ ਇਹ ਇੱਕ ਮਾਤਰ ਰਾਸਤਾ ਜਾਪਿਆ। ਮੈਂ ਆਪਣੀ ਅੰਤਰ ਪ੍ਰੇਰਣਾ ਅਤੇ ਅਖ਼ਬਾਰਾਂ ਵਿੱਚ ਛਪਦੇ ਰਸਾਇਣਕ ਖੇਤੀ ਦੇ ਸਿਹਤ, ਵਾਤਾਵਰਣ ਅਤੇ ਕੁਦਰਤ ਦੇ ਸਮੁੱਚੇ ਤਾਣੇਬਾਣੇ 'ਤੇ ਪੈ ਰਹੇ ਖ਼ਤਰਨਾਕ ਪ੍ਰਭਾਵਾਂ ਦੀ ਰੌਸ਼ਨੀ ਵਿੱਚ ਆਪਣੇ ਬਜ਼ੁਰਗਾਂ ਦੀ ਖੇਤੀ ਪ੍ਰਤੀ ਸਮਰਪਿਤ ਹੋ ਗਿਆ। ਕਿਉਂਕਿ ਮੈਂ ਆਪਣੇ ਬਾਪ, ਦਾਦੇ ਨੂੰ ਬਿਨਾਂ ਰੇਹਾਂ ਸਪ੍ਰੇਆਂ ਦੇ ਖੇਤੀ ਕਰਦਿਆਂ ਦੇਖਿਆ ਹੋਇਆ ਸੀ, ਇਸ ਲਈ ਮੈਨੂੰ ਕੁਦਰਤੀ ਖੇਤੀ ਦੀ ਸਫਲਤਾ ਦਾ ਪੂਰਾ ਯਕੀਨ ਸੀ। ਮੇਰਾ ਯਕੀਨ ਸੱਚ 'ਚ ਤਬਦੀਲ ਹੁੰਦਿਆਂ ਬਹੁਤੀ ਦੇਰ ਨਹੀਂ ਲੱਗੀ। ਕੁਦਰਤੀ ਖੇਤੀ ਸਦਕੇ ਖੇਤੀ ਸੰਬੰਧੀ ਬਜ਼ਾਰ 'ਤੇ ਮੇਰੀ ਨਿਰਭਰਤਾ ਖਤਮ ਹੋ ਗਈ ਹੈ। ਹੁਣ ਮੈਂ ਬਜ਼ਾਰ ਵਿੱਚ ਰੇਹ-ਸਪ੍ਰੇਅ ਖਰੀਦਣ ਨਹੀਂ ਸਗੋਂ ਆਪਣੀ ਉਪਜ ਵੇਚਣ ਹੀ ਜਾਂਦਾ ਹਾਂ। ਉਹ ਵੀ ਖੁਦ ਵੱਲੋਂ ਨਿਰਧਾਰਤ ਕੀਮਤ 'ਤੇ।
ਕੁਦਰਤੀ ਖੇਤੀ ਤਹਿਤ ਪਹਿਲੀ ਫਸਲ ਦੇ ਤੌਰ 'ਤੇ ਦੇਸੀ ਨਰਮਾਂ ਅਤੇ ਘਰੇਲੂ ਖਪਤ ਵਾਸਤੇ ਸਬਜ਼ੀਆਂ ਉਗਾਈਆਂ। ਜਿਹਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਕਣਕ ਦੂਣੇ ਉਤਸਾਹ ਨਾਲ ਬੀਜੀ। ਇਸ ਵਾਰੀ ਕਣਕ ਦਾ ਝਾੜ 10 ਕੁਇੰਟਲ ਪ੍ਰਤੀ ਏਕੜ ਰਿਹਾ। ਨਾਲ ਹੀ ਇੱਕ ਕਿੱਲੇ ਮਗਰ 20 ਕਿੱਲੋ ਸਰੋਂ ਵੀ ਪ੍ਰਾਪਤ ਹੋਈ। ਹੁਣ ਮੇਰੇ ਕੋਲ ਫਸਲ ਵੇਚਣ ਉਪਰੰਤ ਘਰੇਲੂ ਖਪਤ ਲਈ ਕਣਕ ਦੇ ਨਾਲ-ਨਾਲ ਸਰੋਂ ਦਾ ਤੇਲ ਅਤੇ ਖਲ੍ਹ ਵੀ ਜ਼ਹਿਰ ਮੁਕਤ ਹਨ। ਤੇਲ ਅਤੇ ਖਲ੍ਹ ਦੇ ਮਾਮਲੇ 'ਚ ਵੀ ਮੈਂ ਬਜ਼ਾਰ ਦੇ ਜਾਲ ਤੋਂ ਮੁਕਤ ਹੋ ਗਿਆ ਹਾਂ। ਇੱਕ ਕਿਸਾਨ ਲਈ ਇਸ ਤੋਂ ਇਸ ਤੋਂ ਚੰਗਾ ਹੋਰ ਕੀ ਹੋ ਸਕਦੈ ?
ਸ. ਮਹਿਤਾ ਅਨੁਸਾਰ ਸਨ: 2004 ਵਿੱਚ ਸ਼੍ਰੀ ਉਮੇਂਦਰ ਦੱਤ ਦੇ ਸੰਪਰਕ 'ਚ ਆਉਣ ਮਗਰੋਂ ਕੁਦਰਤੀ ਖੇਤੀ ਪ੍ਰਤੀ ਆਪਣੇ ਗਿਆਨ ਨੂੰ ਵਧਾਉਣ ਹਿੱਤ ਅਨੇਕਾਂ ਕੁਦਰਤੀ ਖੇਤੀ ਕਾਰਜਸ਼ਾਲਾਵਾਂ ਵਿੱਚ ਭਾਗ ਲਿਆ। ਖਾਸ ਤੌਰ 'ਤੇ ਕੁਦਰਤੀ ਖੇਤੀ ਦੇ ਰਿਸ਼ੀ ਸ਼੍ਰੀ ਸੁਭਾਸ਼ ਪਾਲੇਕਰ ਜੀ ਦੀ ਤਕਨੀਕ ਅਨੇਕਾਂ ਕਿਸਾਨਾਂ ਦੇ ਨਾਲ-ਨਾਲ ਮੇਰੇ ਲਈ ਰਾਮਬਾਣ ਸਿੱਧ ਹੋਈ ਹੈ। ਬਸ ਲੋੜ ਹੈ ਤਾਂ ਹਰ ਖੇਤ ਵਿੱਚ ਇਸ ਤਕਨੀਕ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ। ਅਜਿਹਾ ਹੋਣ ਤੋਂਂ ਬਾਅਦ ਕੁਦਰਤੀ ਖੇਤੀ ਸੰਬੰਧੀ ਹਰ ਤਰ੍ਹਾਂ ਦੀ ਅਟਕਲ-ਬਾਜ਼ੀ ਨੂੰ ਨੱਥ ਪੈ ਜਾਵੇਗੀ। ਕੁਦਰਤੀ ਖੇਤੀ ਵਿੱਚ ਕਿਸਾਨ ਦੀ ਆਪਣੀ ਸ਼ਮੂਲੀਅਤ ਅਤਿ ਜ਼ਰੂਰੀ ਹੈ। ਇਸਨੂੰ ਸਿਰਫ ਕਾਮੇਂ ਦੇ ਸਿਰ 'ਤੇ ਛੱਡਣਾ ਅਕਸਰ ਨੁਕਸਾਨਦੇਹ ਸਾਬਿਤ ਹੁੰਦਾ ਹੈ। ਸੋ ਕੁਦਰਤੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਇਹ ਧਾਰ ਲੈਣਾ ਚਾਹੀਦਾ ਹੈ ਕਿ ਉਹ ਇਸ ਨੂੰ ਪੂਰਾ ਸਮਾਂ ਦੇਵੇਗਾ।
ਇਹ ਕੁਦਰਤੀ ਖੇਤੀ ਦਾ ਹੀ ਚਮਤਕਾਰ ਹੈ ਕਿ ਮੇਰੇ ਖੇਤੀ ਦੀ ਮਿੱਟੀ ਏਨੀਂ ਪੋਲੀ ਹੋ ਗਈ ਹੈ ਕਿ ਤੁਰਦਿਆਂ-ਫਿਰਦਿਆਂ ਖੇਤ ਵਿੱਚ ਪੈਰ ਖੁੱਭਦੇ ਹਨ। ਗੰਡੋਏ ਤਾਂ ਏਨੇਂ ਜਿਆਦਾ ਹਨ ਕਿ ਕਹੀ ਦੇ ਹਰੇਕ ਟੱਕ 'ਚ ਕਿੰਨੇ ਹੀ ਗੰਡੋਏ ਆ ਜਾਂਦੇ ਹਨ। ਮੇਰੇ ਖੇਤ ਦੀ ਮਿੱਟੀ ਵਿੱਚ ਅੱਜ ਤੋਂ ਚਾਲੀ ਸਾਲ ਪਹਿਲਾਂ ਵਾਲੀ ਸੁਗੰਧ ਵਾਪਸ ਆ ਗਈ ਹੈ।
ਅੱਜ ਮੇਰੇ ਖੇਤ ਵਿੱਚ ਤਿੱਤਰ, ਬਗਲੇ, ਸਹੇ ਅਤੇ ਕਈ ਤਰ੍ਹਾਂ ਦੀਆਂ ਅਜਿਹੀਆਂ ਚਿੜ੍ਹੀਆਂ ਜਿਹਨਾਂ ਨੂੰ ਮੈਂ ਪਹਿਲਾਂ ਕਦੀ ਨਹੀਂ ਦੇਖਿਆ ਰੌਣਕਾਂ ਲਈ ਰੱਖਦੇ ਹਨ। ਮੇਰੇ ਖੇਤ ਦੀ ਕਾਇਆ ਕਲਪ ਹੋਈ ਦੇਖ ਪਿੰਡ ਵਾਲੇ ਲੋਕਾਂ ਕੋਲੇ ਮੇਰੀ ਤਾਰੀਫ਼ ਕਰਦੇ ਹਨ। ਮੇਰੇ ਬਾਰੇ ਬੜੇ ਮਾਣ ਨਾਲ ਹੋਰਾਂ ਨੂੰ ਦੱਸਦੇ ਹਨ। ਸਭ ਤੋਂ ਵੱਡੀ ਗੱਲ ਮੇਰਾ ਪਰਿਵਾਰ ਪੂਰੀ ਤਰ੍ਹਾਂ ਕੁਦਰਤੀ ਖੇਤੀ ਵਿੱਚ ਰਚ-ਵਸ ਗਿਆ ਹੈ ਤੇ ਹਰ ਵੇਲੇ ਇਹ ਕੋਸ਼ਿਸ ਰਹਿੰਦੀ ਹੈ ਕਿ ਖਾਣ ਲਈ ਆਪਣੇ ਹੀ ਖੇਤੀ ਦੀ ਉਪਜ ਵਰਤੀ ਜਾਵੇ। ਅੱਜ ਮੇਰੀ ਕਣਕ ਦੇ ਗ੍ਰਾਹਕ ਮੋਹਾਲੀ, ਪਟਿਆਲੇ ਅਤੇ ਬਠਿੰਡਾ ਤੱਕ ਹਨ।
ਅੰਤ ਵਿੱਚ ਮੈਂ ਏਨਾਂ ਹੀ ਕਹਾਂਗਾ ਕਿ ਕੁਦਰਤੀ ਖੇਤੀ ਸਿਰਫ ਖੇਤੀ ਨਹੀਂ ਸਗੋਂ ਇਹ ਤਾਂ ਜੀਵਨ ਜਾਚ ਹੈ। ਇਹ ਸਰੀਰ ਨੂੰ ਅਰੋਗਤਾ ਮਨ ਨੂੰ ਖੇੜਾ ਅਤੇ ਕਿਸਾਨ ਨੂੰ ਬਜ਼ਾਰ ਦੀ ਜਕੜਨ ਤੋਂ ਮੁਕਤੀ ਬਖ਼ਸ਼ਦੀ ਹੈ। ਇਸਦਾ ਕੋਈ ਸਾਨੀ ਨਹੀ। ਇਹ ਮੇਰੀ ਰੂਹ ਤੱਕ ਉੱਤਰ ਗਈ ਹੈ।
-ਗੁਰਪ੍ਰੀਤ ਸਿੰਘ ਰੱਤੂ
ਦਰਸ਼ਨ ਸਿੰਘ ਬਲਾੜ੍ਹੀਆ ਦਬੜ੍ਹੀਖਾਨਾ
ਦਰਸ਼ਨ ਸਿੰੰਘ ਬਲਾੜ੍ਹੀਆ ਨੇ ਕੋਈ ਤਿੰਨ ਕੁ ਵਰ੍ਹੇ ਪਹਿਲਾਂ ਆਪਣੇ ਗਵਾਂਢੀ ਕਿਸਾਨ ਲਾਭ ਸਿੰਘ ਦੀ ਦੇਖਾ-ਦੇਖੀ ਬਿਨਾ ਯੂਰੀਆ ਵਰਤੇ ਕਣਕ ਉਗਾਉਣ ਦਾ ਹੀਲਾ ਕੀਤਾ। ਉਹ ਦਸਦੇ ਹਨ ਕਿ ਆਪਣੇ ਆਲੇ-ਦੁਆਲੇ ਲਗਾਤਾਰ ਵਧ ਰਹੇ ਬਿਮਾਰੀਆਂ ਦੇ ਪ੍ਰਕੋਪ ਨੂੰ ਦੇਖਦਿਆਂ ਮੈਨੂੰ ਇਸ ਪਾਸੇ ਮੁੜਨ ਦੀ ਵੱਡੀ ਲੋੜ ਮਹਿਸੂਸ ਹੋਈ ਤੇ ਮੈਂ ਸ਼ੁਰੂਆਤ ਕਰ ਦਿੱਤੀ। ਪਰ ਜਲਦੀ ਹੀ ਮੇਰੇ ਧਿਆਨ 'ਚ ਇਹ ਗੱਲ ਆਈ ਕਿ ਨਿਰੋਗੀ ਤੇ ਸਿਹਤਮੰਦ ਜੀਵਨ ਲਈ ਇਕੱਲੀ ਯੂਰੀਆ ਤੋਂ ਕੰਨੀ ਕੱਟਣੀ ਹੀ ਕਾਫ਼ੀ ਨਹੀਂ ਹੋਵੇਗੀ ਸਗੋਂ ਉਸ ਖੇਤ ਵਿਚਲੀ ਹਰ ਫਸਲ ਨੂੰ ਹਰ ਪ੍ਰਕਾਰ ਦੀ ਰਸਾਇਣਕ ਖਾਦ ਅਤੇ ਕੀੜੇਮਾਰ ਜ਼ਹਿਰਾਂ ਤੋਂ ਦੂਰ ਰੱਖਣਾ ਹੋਵੇਗਾ। ਮੈਂ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਕੋਈ ਰਾਹ ਹੀ ਲੱਭ ਰਿਹਾ ਸਾਂ ਕਿ ਆਪਣੇ ਇੱਕ ਮਿੱਤਰ ਰਾਹੀਂ ਮੇਰਾ ਸੰਪਰਕ ਖੇਤੀ ਵਿਰਾਸਤ ਮਿਸ਼ਨ, ਜੈਤੋ ਨਾਲ ਹੋ ਗਿਆ। ਇਹ ਗੱਲ ਅਪ੍ਰੈਲ 2007 ਦੀ ਹੈ। ਖੇਤੀ ਵਿਰਾਸਤ ਮਿਸ਼ਨ ਦੇ ਕਾਰਕੁੰਨਾ ਦੀ ਸੁਯੋਗ ਅਗਵਾਈ ਵਿੱਚ ਮੈਂ ਕੁਦਰਤੀ ਖੇਤੀ ਦੇ ਸਿਧਾਂਤ, ਫਲਸਫ਼ੇ ਤੇ ਤੌਰ-ਤਰੀਕਿਆਂ ਤੋਂ ਜਾਣੂ ਹੋਣ ਉਪਰੰਤ ਆਪਣੀ ਕੁੱਲ੍ਹ ਜ਼ਮੀਨ ਵਿੱਚੋਂ ਇੱਕ ਏਕੜ ਕੁਦਰਤੀ ਖੇਤੀ ਦੇ ਲੇਖੇ ਲਗਾ ਦਿੱਤਾ। ਜਿਸ ਵਿੱਚ ਪਹਿਲੀ ਫਸਲ ਦੇ ਤੌਰ 'ਤੇ ਮੈਂ ਦੇਸੀ ਨਰਮਾਂ ਉਗਾਇਆ। ਬੇਸ਼ੱਕ ਇਸ ਮਾਮਲੇ 'ਚ ਮੈਨੂੰ ਆਪਣੇ ਘਰਦਿਆਂ ਖਾਸ ਕਰਕੇ ਆਪਣੇ ਪੁੱਤਰ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪਰ ਇਹ ਵਿਰੋਧ ਕੁਦਰਤੀ ਖੇਤੀ ਦੀ ਕਾਮਯਾਬੀ ਅੱਗੇ ਟਿਕ ਨਹੀਂ ਸਕਿਆ। ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਬਿਨਾਂ ਕੋਈ ਰਸਾਇਣਕ ਖਾਦ ਅਤੇ ਕੀੜੇਮਾਰ ਜ਼ਹਿਰ ਵਰਤਿਆਂ ਨਿਰੋਲ ਦੇਸੀ ਢੰਗ ਵਰਤ ਕੇ ਉਗਾਏ ਗਏ ਦੇਸੀ ਨਰਮੇਂ ਦੀ ਸਫਲਤਾ ਸਦਕੇ ਜਿੱਥੇ ਮੇਰਾ ਉਤਸ਼ਾਹ ਵਧਿਆ ਉੱਥੇ ਹੀ ਮੇਰੇ ਮੁੰਡੇ ਦਾ ਵੀ ਕੁਦਰਤੀ ਖੇਤੀ 'ਚ ਕੁਝ ਯਕੀਨ ਬੱਝਿਆ। ਪੂਰੀ ਦੇਖਭਾਲ ਨਾ ਕਰ ਸਕਣ ਦੇ ਬਾਵਜ਼ੂਦ ਵੀ ਮੇਰੇ ਦੇਸੀ ਨਰਮੇਂ ਦਾ ਝਾੜ ਇੱਕ ਏਕੜ ਮਂਗਰ ਪੂਰੇ ਛੇ ਕਵਿੰਟਲ ਰਿਹਾ ਅਤੇ ਲਾਗਤ ਬੀਟੀ ਨਰਮੇਂ ਦੇ ਮੁਕਬਾਲਤਨ ਨਾਂਹ ਦੇ ਬਰਾਬਰ ਹੀ ਆਈ। ਉਹ ਅੱਗੇ ਦਸਦੇ ਹਨ- ਜੀਵ ਅੰਮ੍ਰਿਤ ਆਪਣੇ-ਆਪ ਵਿੱਚ ਇੱਕ ਚਮਤਕਾਰ ਹੈ। ਇਹ ਫਸਲ ਦੇ ਵਾਧੇ ਅਤੇ ਜ਼ਰੂਰੀ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਕੇ ਜਿੱਥੇ ਵਧੀਆ ਝਾੜ ਯਕੀਨੀ ਬਣਾਉਂਦਾ ਹੈ ਉੱਥੇ ਹੀ ਖੇਤ ਦੀ ਮਿੱਟੀ ਨੂੰ ਵੀ ਮੁੜ ਤੋਂ ਜਿਉਂਦੀ ਅਤੇ ਸਿਹਤਮੰਦ ਬਣਾਉਂਦਾ ਹੈ।
ਐਹ ਦੇਖੋ ਮੇਰੀ ਕਣਕ! ਜੀਵ ਅੰਮ੍ਰਿਤ ਦੇ ਚਮਤਕਾਰ ਦੀ ਜਿਉਂਦੀ ਜਾਗਦੀ ਮਿਸਾਲ। ਇਸਦੀ ਲੰਬਾਈ ਤੇ ਇਸਦੇ ਸਿੱਟਿਆਂ ਵਿੱਚ ਭਰੇ ਦਾਣੇ ਦੇਖੋ! ਹੋਰ ਇੱਕ ਮਹੀਨੇ ਤੱਕ ਕਣਕ ਦੇ ਨਾਲ-ਨਾਲ ਜ਼ਹਿਰ ਮੁਕਤ ਸਰੋਂ ਅਤੇ ਛੋਲੇ ਵੀ ਮੇਰੀ ਤੇ ਮੇਰੇ ਪਰਿਵਾਰ ਦੀ ਅਮੁੱਲ ਸੰਪੱਤੀ ਬਣ ਜਾਣਗੇ। ਇਸ ਤੋਂ ਜਿਆਦਾ ਖੁਸ਼ੀ ਦੀ ਗੱਲ ਮੇਰੇ ਲਈ ਹੋਰ ਕੀ ਹੋ ਸਕਦੀ ਹੈ ਕਿ ਮੈਂ ਆਪਣੇ ਚਾਰ ਸਾਲ ਦੇ ਪੋਤਰੇ ਦੇ ਮੂੰਹ ਵਿੱਚ ਅੰਨ ਦੇ ਰੂਪ ਵਿੱਚ ਅੰਮ੍ਰਿਤ ਪਾਵਾਂਗਾ, ਨਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਜਾਨਲੇਵਾ ਜ਼ਹਿਰ ਨਾਲ ਲਿੱਬੜੀ ਹੋਈ ਰੋਟੀ ਦੀ ਬੁਰਕੀ। ਇੱਕ ਸਵਾਲ ਦੇ ਜਵਾਬ 'ਚ ਉਹ ਕਹਿੰਦੇ ਹਨ ਜਿਹੜੇ ਪਹਿਲਾਂ ਮੈਨੂੰ ਝੇਡਾਂ ਕਰਦੇ ਸਨ ਹੁਣ ਉਹੀ ਲੋਕ ਅਗਲੀ ਵਾਰ ਤੋਂ ਕੁਦਰਤੀ ਖੇਤੀ ਸ਼ੁਰੂ ਕਰਨ ਦੀ ਗੱਲ ਕਰਨ ਲੱਗ ਪਏ ਹਨ। ਕੁਦਰਤੀ ਖੇਤੀ ਵਾਲੀ ਕਣਕ ਦੇ ਖੇਤ ਵੱਲ ਇਸ਼ਾਰਾ ਕਰਦਿਆਂ ਦਰਸ਼ਨ ਜੀ ਦੇ ਮੂੰਹੋ ਨਿਕਲਦਾ ਹੈ-ਜੇ ਇੰਨਾ ਭਿਆਨਕ ਕੋਹਰਾ ਨਾ ਪੈਂਦਾ ਤਾਂ ਮੇਰੇ ਏਸੇ ਖੇਤ ਵਿੱਚੋਂ ਮੈਨੂੰ ਘੱੱਟੋ-ਘੱਟ 5 ਕਵਿੰਟਲ ਮਟਰ, 1 ਕਵਿੰਟਲ ਆਲੂ ਅਤੇ 50 ਕਿੱਲੋ ਦੇ ਲਗਭਗ ਮਸਰ ਦੀ ਫਸਲ ਬੋਨਸ ਦੇ ਤੌਰ ਤੇ ਮਿਲ ਜਾਣੀ ਸੀ। ਹੋਰ ਵੀ ਲਹਿਰਾਂ-ਬਹਿਰਾਂ ਹੋ ਜਾਣੀਆਂ ਸਨ। ਖੇਤ ਵਿੱਚ ਜਾਂਦਿਆਂ ਹੀ ਰੂਹ ਖਿੜ ਜਾਂਦੀ ਹੈ। ਮਨ ਖੁਸ਼ ਹੋ ਜਾਂਦਾ ਹੈ। ਕੁਦਰਤੀ ਖੇਤੀ ਨਾਲ ਸੰਬੰਧਤ ਸਾਰੇ ਤੌਖਲੇ ਮਿਟ ਗਏ ਹਨ। ਐਹ! ਮੇਰਾ ਮੁੰਡਾ , ਜਿਹੜਾ ਸ਼ੁਰੂ-ਸ਼ੁਰੂ ਵਿੱਚ ਮੇਰੇ ਨਾਲ ਕੁਦਰਤੀ ਖੇਤੀ ਕਰਨ ਲਈ ਸਹਿਮਤ ਨਹੀਂ ਸੀ, ਮੇਰਾ ਵਿਰੋਧ ਕਰਦਾ ਸੀ ਅੱਜ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਹੀ ਨਹੀਂ ਬਲਕਿ ਆਪ ਮੂਹਰੇ ਲੱਗ ਕ ਸਾਰੇ ਕੰਮ ਕਰਦਾ ਹੈ। ਫਿਰ ਚਾਹੇ ਉਹ ਜੀਵ ਅੰਮ੍ਰਿਤ ਬਣਾਉਣ ਲਈ ਲੋੜੀਂਦਾ ਸਮਾਨ ਜੁਟਾਉਣਾ ਹੋਵੇ, ਫਸਲ ਦੀ ਗੁਡਾਈ ਕਰਨੀ ਹੋਵੇ ਤੇ ਜਾਂ ਫਿਰ ਨਿੰਮ੍ਹ ਅਸਤਰ ਜਾਂ ਬ੍ਰਹਮ ਅਸਤਰ ਬਣਾਉਣਾ ਹੋਵੇ। ਇਹ ਹੀ ਮੇਰਾ ਹਾਸਿਲ ਹੈ। ਹੁਣ ਆਪਣੇ ਵੱਲੋਂ ਮੈਂ ਬਿਲਕੁਲ ਹੀ ਬੇਫ਼ਿਕਰ ਹਾਂ ਕਿ ਮੇਰੇ ਬਾਅਦ ਵੀ ਮੇਰਾ ਪਰਿਵਾਰ, ਮੇਰੇ ਪੁੱਤ-ਪੋਤਰੇ ਨਾਨਕ ਖੇਤੀ ਤੋਂ ਉਪਜਿਆ, ਸ਼ੁੱਧ ਅਤੇ ਸਜੀਵ ਅੰਨ ਖਾਣਗੇ। ਉਹਨਾਂ ਅੱਗੇ ਦੱਸਿਆ ਕਿ ਮੇਰੇ ਖੇਤ ਵਿੱਚ ਲਹਿਰਾਂਉਂਦੀ ਨਾਨਕ ਖੇਤੀ ਵਾਲੀ ਕਣਕ ਦੇਖ ਕੇ, ਕੁਦਰਤੀ ਖੇਤੀ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਦਲਣਾ ਸ਼ੁਰੂ ਹੋ ਗਿਆ ਹੈ। ਮੇਰੇ ਭਤੀਜਿਆਂ ਨੇ ਵੀ ਅਗਾਂਹ ਤੋਂ ਘਰੇਲੂ ਖਪਤ ਵਾਸਤੇ ਆਪਣੀ ਕੁੱਝ ਏਕੜ ਜ਼ਮੀਨ ਤੇ ਕੁਦਰਤੀ ਖੇਤੀ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੇ।
ਦਰਸ਼ਨ ਜੀ ਅਨੁਸਾਰ, ਕੁਦਰਤੀ ਖੇਤੀ ਸਦਕੇ ਜੇਕਰ ਮਹਾਂਰਾਸਟਰ ਦੇ ਵਿਦ੍ਰਭ ਵਿੱਚ ਲੋਕਾਂ ਨੂੰ ਕਰਜ਼ੇ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਕਿਸਾਨ ਆਤਮਹੱਤਿਆਵਾਂ ਨੂੰ ਠੱਲ ਪੈ ਸਕਦੀ ਹੈ ਤਾਂ ਇਹ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀਂ ਦਾ ਬੇੜਾ ਬੰਨੇਂ ਲਗਾਉਣ ਦੀ ਵੀ ਤਾਕਤ ਰੱਖਦੀ ਹੈ। ਇੰਨਾਂ ਹੀ ਨਹੀਂ ਮਹਾਂਰਾਸ਼ਟਰ ਵਿੱਚ ਕੁਦਰਤੀ ਖੇਤੀ ਦਾ ਝਾੜ ਪੰਜ ਸਾਲਾਂ ਬਾਅਦ ਰਸਾਇਣਕ ਖੇਤੀ ਦੇ ਮੁਕਾਬਲੇ ਕਿਤੇ ਜਿਆਦਾ ਵਧ ਗਿਆ ਹੈ। ਉਹ ਦਸਦੇ ਹਨ ਕਿ ਇਹ ਸਾਰੇ ਤੱਥ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਕੁਦਰਤੀ ਖੇਤੀ ਟੂਰ ਤੇ ਭੇਜੇ ਗਏ ਪੰਜਾਬ ਦੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਨਾਲ ਵਿਦ੍ਰਭ ਦੇ ਕਿਸਾਨਾਂ ਨਾਲ ਰੂਬਰੂ ਹੋਣ ਸਮੇਂ ਸਾਡੇ ਸਾਹਮਣੇ ਆਏ ਸਨ। ਉਹਨਾਂ ਦੀ ਨਜ਼ਰੇ ਪੰਜਾਬ ਵਿੱਚ ਨਾਨਕ ਖੇਤੀ ਦਾ ਭਵਿੱਖ ਰੌਸ਼ਨ ਹੈ। ਬਸ ਲੋੜ ਹੈ ਤਾਂ ਥੋੜੀ ਲਗਨ, ਥੋੜੇ ਫ਼ਿਕਰ ਅਤੇ ਥੋੜੀ ਜਿੰਨੀ ਮਿਹਨਤ ਦੀ। ਬਾਕੀ ਨਾਨਕ ਖੇਤੀ ਮੇਰਾ ਸੰਕਲਪ ਹੈ ਤੇ ਮੈਂ ਹਰ ਹਾਲ ਵਿੱਚ ਇਸ 'ਤੇ ਅਡੋਲ ਰਹਾਂਗਾ।