Search This Blog

Saturday, July 23, 2016

ਸਾਹਾਂ ਦਾ ਕਾਫ਼ਲਾ...

ਗਮ ਤੇਰੇ ਚਲੇ ਜਾਣ ਦਾ ਹੱਡਾਂ ਨੂੰ ਖਾ ਰਿਹੈ,
ਸਾਹਾਂ ਦਾ ਸਾਥੋਂ ਕਾਫ਼ਲਾ ਛੁੱਟਦਾ ਹੀ ਜਾ ਰਿਹੈ।
ਕੀ ਪਿਲਾਵਾਂ ਦੱਸ ਭਲਾਂ ਹਿਜ਼ਰਾਂ ਦੀ ਪੀੜ ਨੂੰ,
ਨੈਣਾਂ ਚੋਂ ਨੀਰ ਦੋਸਤਾ ਮੁੱਕਦਾ ਹੀ ਜਾ ਰਿਹੈ।
ਹਾਉਕਿਆਂ ਦੇ ਨਾਲ ਜੀਣ ਨੂੰ ਕੀਹਦਾ ਜੀ ਕਰੇ,
ਪਰ ਦਿਲ ਸਾਡੀ ਮੁਸਕਾਨ ਦਾ ਡੁੱਬਦਾ ਹੀ ਜਾ ਰਿਹੈ।
ਜਿਹੜਾ ਸੀ ਆਪਾਂ ਸਿਰਜਿਆ ਤੰਦ ਮੋਹ ਦੇ ਜੋੜ ਕੇ,
ਨਿੱਤ ਆਸ਼ਨਾ ਉਹ ਪਿਆਰ ਦਾ ਟੁੱਟਦਾ ਹੀ ਜਾ ਰਿਹੈ।
ਜਿਹੜਾ ਸੀ ਕਦੇ ਦੌੜਦਾ ਤੁਫ਼ਾਨ ਤੋਂ ਵੀ ਤੇਜ,
ਹਾਣੀ ਉਹ ਮੇਰੇ ਖਿਆਲ ਦਾ ਰੁਕਦਾ ਹੀ ਜਾ ਰਿਹਾ।

Thursday, January 14, 2010

ਡਾ. ਜੀ. ਐਸ. ਕਾਲਕਟ ਦੇ ਨਾਂਅ ਕੁਦਰਤ ਪ੍ਰੇਮੀ ਨੌਜਵਾਨ ਦੀ ਖੁੱਲ੍ਹੀ ਚਿੱਠੀ

ਸਤਿਕਾਰਯੋਗ ਕਾਲਕਟ ਸਾਹਿਬ, ਦਾਸ ਦਾ ਪੈਰੀਂ ਪੈਣਾਂ ਸਵੀਕਾਰ ਹੋਵੇ!ਮੈਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਦਬੜ੍ਹੀਖਾਨਾਂ ਦਾ ਵਸਨੀਕ ਹਾਂ ਤੇ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਵਧ-ਫੁੱਲ ਰਹੀ ਕੁਦਰਤੀ ਖੇਤੀ ਲੋਕ ਲਹਿਰ, 'ਖੇਤੀ ਵਿਰਾਸਤ ਮਿਸ਼ਨ, ਜੈਤੋ ਨਾਲ ਜੁੜਿਆ ਹੋਇਆਂ ਹਾਂ। ਮੈਂ ਆਪਜੀ ਦਾ ਬਹੁਤ ਨਾਮ ਸੁਣਿਆ ਹੈ ਤੇ ਆਪਜੀ ਵੱਲੋਂ ਪੀ. ਏ. ਯੂ. ਦੇ ਉਪ-ਕੁਲਪਤੀ ਰਹਿੰਦਿਆਂ ਪੰਜਾਬ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਸਬੰਧੀ ਉਠਾਏ ਗਏ ਕੁੱਝ ਕਦਮਾਂ ਸਦਕੇ ਮੇਰੇ ਮਨ ਵਿੱਚ ਆਪਜੀ ਲਈ ਅਥਾਹ ਸਤਿਕਾਰ ਸੀ। ਜਿਹੜਾ ਹੁਣ ਆਪਜੀ ਦੀ ਅਗਵਾਈ ਵਿੱਚ ਜਾਰੀ ਕੀਤੀ ਗਈ ਪੰਜਾਬ ਕਿਸਾਨ ਕਮਿਸ਼ਨ ਦੀ ਨਵੀਂ ਰਿਪੋਰਟ ਪੜ੍ਹਕੇ ਬਹੁਤ ਹੱਦ ਤੱਕ ਕਾਫ਼ੂਰ ਹੋ ਗਿਆ ਹੈ। ਮੈਂ ਅਜਿਹੀਆਂ ਕੌੜੀਆਂ ਗੱਲਾਂ ਸਿਰਫ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਇੱਕ ਅੱਛੇ ਆਦਮੀਂ ਹੋਣ ਦੇ ਬਾਵਜ਼ੂਦ ਅਧਰਮ ਦੇ ਪੱਖ ਵਿੱਚ ਬਹੁਕੌਮੀ ਕੰਪਨੀਆਂ ਦੀ ਕੌਰਵ ਸੈਨਾਂ ਦੇ ਨਾਲ ਖੜੇ ਹੋ। ਇਸ ਲਈ ਮੈਂ ਜਿੱਥੇ ਤੁਹਾਡੇ ਪੈਰੀਂ ਹੱਥ ਲਾਵਾਂਗਾ ਓਥੇ ਲੋੜ ਪੈਣ 'ਤੇ ਅਰਜੁਨ ਵਾਂਗੂ ਤੁਹਾਡੀ ਛਾਤੀ ਤੀਰਾਂ ਨਾਲ ਵਿੰਨਦਿਆਂ ਰਤਾ ਵੀ ਤਰਸ ਨਹੀਂ ਕਰਾਂਗਾ। ਮੈਨੂੰ ਇਹ ਚਿੱਠੀ ਲਿਖਦਿਆਂ ਤੁਹਾਡੇ ਅਤੇ ਤੁਹਾਡੀ ਸੋਚ 'ਤੇ ਬਹੁਤ ਤਰਸ ਆ ਰਿਹਾ ਹੈ। ਤੁਸੀਂ ਮੇਰੇ ਦਾਦਾ ਜੀ ਦੀ ਉਮਰ ਹੋ ਤੇ ਯਾਦ ਰੱਖੋ! ਇਸ ਉਮਰ ਵਿੱਚ ਜਿਹੜਾ ਪਾਪ ਤੁਸੀਂ ਕਮਾ ਰਹੇ ਹੋ, ਉਸਦਾ ਪ੍ਰਾਸ਼ਚਿਤ ਕਰਨ ਦਾ ਮੌਕਾ ਵੀ ਤੁਹਾਨੂੰ ਨਹੀਂ ਮਿਲਣਾ।ਪਿਆਰੇ ਕਾਲਕਟ ਸਾਹਿਬ, ਪੰਜਾਬ ਕਿਸਾਨ ਕਮਿਸ਼ਨ ਜਿਸ ਤਰ੍ਹਾਂ ਜੈਵਿਕ ਖੇਤੀ ਨੂੰ ਗ਼ੈਰ ਜ਼ਰੂਰੀ ਅਤੇ ਗ਼ੈਰ ਲਾਹੇਵੰਦ ਕਰਾਰ ਦੇਣ 'ਤੇ ਤੁਲਿਆ ਹੋਇਆ ਹੈ, ਉਸਤੋਂ ਕਮਿਸ਼ਨ ਅਤੇ ਇਸਦੇ ਅਹੁਦੇਦਾਰਾਂ ਦੀ ਕਿਸਾਨ ਅਤੇ ਕਿਸਾਨਂੀਂ ਪ੍ਰਤੀ ਵਫ਼ਾਦਾਰੀ ਅਤੇ ਪ੍ਰਤੀਬੱਧਤਾ 'ਤੇ ਸ਼ੱਕ ਹੋਰ ਵੀ ਗਹਿਰਾ ਹੋ ਜਾਂਦਾ ਹੈ। ਕਮਿਸ਼ਨ ਦੀ ਨਿਵੇਕਲੀ ਰਿਪੋਰਟ ਦੇ ਰੂਬਰੂ ਹੋਣ ਤੋਂ ਬਾਅਦ ੰਿÂੰਝ ਭਾਸਦਾ ਹੈ ਕਿ ਕਮਿਸ਼ਨ ਨੂੰ ਕਿਸਾਨ ਅਤੇ ਕਿਸਾਨਂੀਂ ਦੀ ਬੇਹਤਰੀ ਦੀ ਨਹੀਂ ਸਗੋਂ ਖੇਤੀ ਇਨਪੁਟਸ ਦੇ ਵਪਾਰ ਦੁਆਰਾ ਅੰਨ੍ਹਾਂ ਮੁਨਾਫ਼ਾ ਕਮਾਉਣ ਵਾਲੀਆਾਂ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਦੀ ਕਿਤੇ ਵੱਧ ਫ਼ਿਕਰ ਹੈ। ਜੇ ਇੰਝ ਨਹੀਂ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਜਿਸ ਕਿਸਾਨ ਕਮਿਸ਼ਨ ਦੀ ਸਥਾਪਨਾਂ ਕਿਸਾਨ ਅਤੇ ਕਿਸਾਨੀਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਲਈ ਕੀਤੀ ਗਈ ਸੀ, ਉਹ ਆਪਣੇ ਜਨਮ ਤੋਂ ਹੀ ਰਸਾਇਣਕ ਖੇਤੀ ਦਾ ਗੁਣਗਾਣ ਕਰੀ ਜਾ ਰਿਹਾ ਹੈ। ਜਿਸ ਖੇਤੀ ਦੇ ਚਲਦਿਆਂ ਸਾਡਾ ਹੱਸਦਾ-ਖੇਡਦਾ ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਪੰਜਾਬ ਅੱਜ ਬਿਮਾਰਾਂ, ਲਾਚਾਰਾਂ ਤੇ ਕਰਜ਼ਦਾਰਾਂ ਦਾ ਖੁਦਕੁਸ਼ ਸੂਬਾ ਬਣ ਗਿਆ ਹੈ, ਉਸ ਖੇਤੀ ਦੇ ਪੱਖ ਵਿੱਚ ਖੜਦਿਆਂ ਤੁਹਾਡੀ ਜ਼ਮੀਰ ਤੁਹਾਨੂੰ ਲਾਅਨ੍ਹਤਾ ਨਹੀਂ ਪਾਉਂਦੀ! ਖੇਤੀ ਦੀ ਕਾਰਪੋਰੇਟ ਪੱਖੀ ਇਸ ਪੱਧਤੀ ਨੇ ਪਿਛਲੇ 40-45 ਸਾਲਾਂ ਦੌਰਾਨ ਸੂਬੇ ਦੀ ਆਬੋ-ਹਵਾ, ਜ਼ਮੀਨ ਤੇ ਸਿਹਤਾਂ ਦਾ ਜਿਹੜਾ ਘਾਣ ਕੀਤਾ ਹੈ ਉਹ ਕਿਸੇ ਤੋਂ ਗੁੱਝਾ ਨਹੀਂ! ਗੱਲ ਸਿਰਫ ਏਨੀਂ ਹੈ ਕਿ ਤੁਹਾਡੇ ਸਮੇਤ, ਕਿਸਾਨ ਕਮਿਸ਼ਨ ਦੇ ਅਹੁਦੇਦਾਰਾਂ ਵਿਚੋਂ ਸ਼ਾਇਦ ਕਿਸੇ ਦਾ ਪੁੱਤ-ਧੀ ਜਾਂ ਸਕਾ-ਸਬੰਧੀ ਹਾਲੇ ਤੱਕ ਬਠਿੰਡੇ ਤੋਂ ਬੀਕਾਨੇਰ ਜਾਂਦੀ ਕੈਂਸਰ ਐਕਸਪ੍ਰੈਸ ਦਾ ਮੁਸਾਫ਼ਿਰ ਨਹੀਂ ਬਣਿਆ। ਬੰਗਲਾਨੁਮਾਂ ਏਅਰ ਕੰਡੀਸ਼ਨਡ ਕੋਠੀਆਂ 'ਚ ਰਹਿਣ ਵਾਲੇ ਤੁਸੀਂ ਲੋਕ ਜ਼ਮੀਨਂੀ ਹਕੀਕਤਾਂ ਤੋਂ ਕੋਹਾਂ ਦੂਰ ਵਿਚਰਦੇ ਹੋ ਤੇ ਕਿਸਾਨ ਦੇ ਨਾਂਅ 'ਤੇ ਕਾਰਪੋਰੇਟ ਜਗਤ ਪ੍ਰਤੀ ਆਪਣੇ ਫ਼ਰਜਾਂ ਦੀ ਪੂਰਤੀ ਵਿੱਚ ਹੀ ਤੁਹਾਨੂੰ ਆਪਣਾ ਤੇ ਪੂਰੇ ਅਵਾਮ ਦਾ ਭਲਾ ਨਜ਼ਰ ਆਉਂਦਾ ਹੈ!ਤੁਸੀਂ ਕਿਵੇਂ ਮੁਨਕਰ ਹੋ ਸਕਦੇ ਹੋ ਇਹਨਾਂ ਤੱਥਾਂ ਤੋਂ ਕਿ ਅੱਜ ਪੰਜਾਬੀਆਂ ਦੇ ਲਹੂ ਵਿੱਚ ਡੀ ਡੀ ਟਂੀ ਤੇ ਲਿੰਡੇਨ ਵਰਗੇ 6 ਤੋਂ 13 ਤਰ੍ਹਾਂ ਦੇ ਬੇਹੱਦ ਖ਼ਤਰਨਾਕ ਕੀੜੇਮਾਰ ਜ਼ਹਿਰਾਂ ਦੇ ਅੰਸ਼ ਪਾਏ ਜਾ ਰਹੇ ਹਨ। ਸਿੱਟੇ ਵਜੋਂ ਮਨੁੱਖੀ ਸਰੀਰ ਵਿੱਚ ਹਾਰਮੋਨਲ ਡਿਸਆਰਡਰ ਦੇ ਚਲਦਿਆਂ ਸਾਰੇ ਦਾ ਸਾਰਾ ਪੰਜਾਬ ਪਿੰਗਲਵਾੜਾ ਬਣਨ ਵੱਲ ਵਧ ਰਿਹਾ ਹੈ। ਦੁਨੀਆ ਭਰ ਵਿੱਚ ਹੋਏ ਅਨੇਕਾਂ ਅਧਿਐਨ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਰਸਾਇਣਕ ਕੀਟਨਾਸ਼ਕ ਤੇ ਖਾਸਕਰ ਨਦੀਨਨਾਸ਼ਕ ਜ਼ਹਿਰ ਸਮੁੱਚੇ ਸੰਸਾਰ ਵਿੱਚ ਬੜੀ ਤੇਜੀ ਨਾਲ ਪਸਰ ਰਹੇ ਕੈਂਸਰ ਅਤੇ ਅਨੇਕਾਂ ਹੋਰ ਨਾਮੁਰਾਦ ਰੋਗਾਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹਨ। ਜਮਾਂਦਰੂ ਸਰੀਰਕ ਤੇ ਮਾਨਸਿਕ ਅਪੰਗਤਾ ਦੇ ਸ਼ਿਕਾਰ ਬੱਚਿਆਂ ਦੀ ਜਨਮਦਰ ਲਗਾਤਾਰ ਵਧ ਰਹੀ ਹੈ। ਅਠਮਾਹੇ, ਸਤਮਾਹੇਂ ਤੇ ਏਥੋਂ ਤੱਕ ਛਿਮਾਹੇ ਬੱਚੇ ਵੱਡੇ ਪੱਧਰ 'ਤੇ ਜਨਮ ਰਹੇ ਹਨ। ਇਸ ਸਾਰੇ ਵਰਤਾਰੇ ਪਿੱਛੇ ਖੇਤੀ ਵਿੱਚ ਵਰਤੇ ਜਾਣ ਵਾਲੇ ਰਸਾਇਣਕ ਕੀਟਨਾਸ਼ਕ, ਨਦੀਨਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਅਹਿਮ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਖੇਤੀ ਵਿੱਚ ਇਹਨਾਂ ਦੇ ਇਸਤੇਮਾਲ ਦਾ ਹੀ ਨਤੀਜ਼ਾ ਹੈ ਕਿ ਸਾਡੀ ਹਵਾ ਅਤੇ ਧਰਤੀ ਦੇ ਨਾਲ-ਨਾਲ ਜ਼ਮੀਨ ਹੇਠਲਾ ਪਾਣੀਂਂ ਵੀ ਇਸ ਹੱਦ ਤੱਕ ਪ੍ਰਦੂਸ਼ਿਤ ਹੋ ਗਿਆ ਹੈ ਕਿ ਇਸਨੂੰ ਪੀਣ ਤੋਂ ਬਾਅਦ ਇੱਕ ਗੱਲ ਪੱਕੀ ਹੋ ਜਾਂਦੀ ਹੈ ਤੇ ਉਹ ਹੈ ਬੇਹੱਦ ਪੀੜਾਦਾਇਕ ਅਣਚਾਹੀ ਮੌਤ! ਇੱਕ ਗੱਲ ਦੱਸੋ ! ਕੀ ਤੁਸੀਂ ਮਨੁੱਖਤਾ ਦੇ ਭਲੇ ਲਈ ਕੁਦਰਤੀ ਖੇਤੀ ਦੇ ਪੱਖ ਵਿੱਚ ਖੜਨ ਵਾਸਤੇ ਓਸ ਕਲਮੂੰਹੀ ਘੜੀ ਦਾ ਇੰਤਜਾਰ ਕਰ ਰਹੇ ਹੋ, ਜਦੋਂ ਉਪ੍ਰੋਕਤ ਭਿਆਨਕ ਵਰਤਾਰਾ ਤੁਹਾਡੇ ਘਰ ਵਿੱਚ ਤੁਹਾਡੇ ਪੁੱਤ-ਪੋਤਰਿਆਂ ਨੂੰ ਵੀ ਆਪਣੇ ਸ਼ਿਕੰਜ਼ੇ ਵਿੱਚ ਕਸ ਲਵੇ! ਜੇ ਇਹ ਗੱਲ ਹੈ ਤਾਂ ਜਲਦੀ ਹੀ ਤੁਹਾਡਾ ਇੰਤਜ਼ਾਰ ਖਤਮ ਹੋ ਜਾਵੇਗਾ। ਇਹ ਬਦ-ਦੁਆ ਹੈ ਤੁਹਾਨੂੰ, ਮੇਰੇ ਅਤੇ ਰਸਾਇਣਕ ਖੇਤੀ ਦੇ ਝੰਬੇ ਅਨੰਤ ਦੁੱਖ ਭੋਗ ਰਹੇ ਹਜ਼ਾਰਾਂ ਦੇਸ ਵਾਸੀਆਂ ਤੇ ਖਾਸਕਰ ਪੰਜਾਬ ਦੇ ਕਿਸਾਨ ਤਬਕੇ ਵੱਲੋਂ! ਅਰਦਾਸ ਕਰਦਾ ਹਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਣਾਂ ਵਿੱਚ ਕਿ ਉਹ ਘੜੀ ਦੇਖਣ ਲਈ ਤੁਹਾਡੇ ਨੈਣ ਪ੍ਰਾਣ ਸਲਾਮਤ ਰਹਿਣ। ਤੇ ਰਹੀ ਗੱਲ ਕੁਦਰਤੀ ਖੇਤੀ ਦੀ ਸਫਲਤਾ ਅਤੇ ਸਮਰਥਾ ਦੀ ਤਾਂ ਖੇਤੀ ਵਿਰਾਸਤ ਮਿਸ਼ਨ, ਤੁਹਾਨੂੰ ਦਾਅਵੇ ਇਹ ਗੱਲ ਨਾਲ ਕਹਿਣਾ ਚੰਹੁਦਾ ਹੈ ਕਿ ਕੁਦਰਤੀ ਖੇਤੀ ਜਿੱਥੇ ਦੇਸ ਦੇ ਸਵਾ ਅਰਬ ਲੋਕਾਂ ਦਾ ਢਿੱਡ ਭਰਨ ਤਾਕਤ ਰਖਦੀ ਹੈ ਓਥੇ ਹੀ ਰਸਾਇਣਕ ਖੇਤੀ ਦੇ ਮਾਰੂ ਪ੍ਰਭਾਵਾਂ ਨੂੰ ਵੀ ਉਹਨਾਂ ਦੇ ਅੰਜਾਮ ਤੱਕ ਪਹੁੰਚਾÀਣ ਦਾ ਮਾਦਾ ਵੀ ਇਸ ਵਿੱਚ ਹੈ। ਪਰ ਹਾਂ ਭ੍ਰਿਸ਼ਟ ਰਾਜਨੀਤਕ ਤੇ ਪ੍ਰਾਸ਼ਾਸ਼ਨਿਕ ਤੰਤਰ ਦੀ ਗੋਗੜਾਂ ਨੂੰ ਹੋਰ ਜਿਆਦਾ ਫੁਲਾਉਣ ਦਾ ਦਮ ਕੇਵਲ ਤੇ ਕੇਵਲ ਰਸਾਇਣਕ ਖੇਤੀ ਵਿੱਚ ਹੀ ਹੈ। ਜਿਹਨੂੰ ਕਿ ਤੁਸੀਂ ਲਗਾਤਾਰ ਥਾਪੜਾ ਦੇ ਰਹੇ ਹੋ!ਕਾਲਕਟ ਸਾਹਿਬ! ਜਿਹੜੇ ਪੰਜਾਬ ਵਿੱਚ, ਤੁਹਾਡਾ 'ਪੰਜਾਬ ਕਿਸਾਨ ਕਮਿਸ਼ਨ', ਕੁਦਰਤੀ ਖੇਤੇ ਨੂੰ ਗ਼ੈਰ ਜ਼ਰੂਰੀ ਤੇ ਗ਼ੈਰ ਲਾਹੇਵੰਦ ਕਰਾਰ ਦੇਣ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ! ਓਸੇ ਪੰਜਾਬ ਦੀ ਧਰਤੀ 'ਤੇ ਕੁਦਰਤੀ ਖੇਤੀ ਕਰਨ ਵਾਲੇ ਅਨੇਕਾਂ ਕਿਸਾਨਾਂ ਨੇ ਬਿਨਾਂ ਇੱਕ ਚਮਚ ਰਸਾਇਣਕ ਖਾਦਾਂ ਤੇ ਬਿਨਾਂ ਇੱਕ ਬੂੰਦ ਰਸਾਇਣਕ / ਸਿੰਥੈਟਿਕ ਕੀੜੇਮਾਰ ਜ਼ਹਿਰ ਵਰਤਿਆਂ, ਪ੍ਰਤੀ ਏਕੜ 24 ਤੋਂ 26 ਕੁਇੱਟਲ ਝੋਨਾਂ 8 ਤੇਂ 10 ਕੁਇੱਟਲ ਨਰਮਾਂ ਅਤੇ 16 ਤੋਂ 22 ਕੁਇੰਟਲ ਬਾਸਮਤੀ (1121) ਪੈਦਾ ਕੀਤਾ ਹੈ। ਪਿੰਗਲਵਾੜਾ ਅੰਮ੍ਰਿਤਸਰ ਦੇ ਭਗਤ ਪੂਰਨ ਸਿੰਘ ਧੀਰਾਕੋਟ ਕੁਦਰਤੀ ਖੇਤੀ ਫਾਰਮ ਵਿਖੇ ਬਾਸਮਤੀ ਦੀ ਕਟਾਈ ਸਮੇਂ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਆਲ੍ਹਾ ਅਫਸਰ ਖਾਸ ਤੌਰ ਤੇ ਮੌਜ਼ੂਦ ਸਨ। ਏਨਾਂ ਹੀ ਨਹੀਂ ਪਿੰਗਲਵਾੜਾ ਅੰਮ੍ਰਿਤਸਰ ਵੱਲੋਂ ਕੁਦਰਤੀ ਖੇਤੀ ਤਹਿਤ ਪੈਦਾ ਕੀਤੇ ਗਏ ਬਾਸਮਤੀ –1121 ਅਤੇ ਸਾਉਣੀ ਦੀਆਂ ਹੋਰ ਫਸਲਾਂ ਦੇ ਝਾੜ ਦਾ ਪੂਰਾ ਵੇਰਵਾ ਇੱਕ ਚਿੱਠੀ ਦੇ ਰੂਪ ਵਿੱਚ ਤੁਹਾਨੂੰ ਵੀ ਭੇਜਿਆ ਗਿਆ ਸੀ ਤੇ ਜਿਸਦਾ ਉੱਤਰ ਦੇਣਾ ਵੀ ਤੁਸੀਂ ਮੁਨਾਸਿਬ ਨਹੀਂ ਸਮਝਿਆ। ਹੁਣ ਤੁਸੀਂ ਹੀ ਸਾਨੂੰ ਦੱਸੋ! ਅਸੀਂ ਪੰਜਾਬ ਦੇ ਆਮ ਲੋਕ ਤੁਹਾਡੇ ਇਸ ਗ਼ੈਰ ਜਿੰਮੇਵਾਰਾਨਾਂ ਰਵੱਈਏ ਤੋਂ ਕੀ ਸਮਝੀਏ? ਪੰਜਾਬ ਕਿਸਾਨ ਕਮਿਸ਼ਨ ਦਾ ਕਿਸਾਨ ਹਿਤੈਸ਼ੀ ਚੇਅਰਮੈਨ ਜਾਂ ਕਾਰਪੋਰੇਟ ਜਗਤ ਦੇ ਹੱਥਾਂ ਵਿੱਚ ਖੇਡਣ ਵਾਲਾ ਇੱਕ ਭ੍ਰਿਸ਼ਟ ਪ੍ਰਸ਼ਾਸ਼ਕ?

Tuesday, January 12, 2010

ਤੁਪਕਾ-ਤੁਪਕਾ ਗ਼ੁਲਾਮੀ

ਤੁਪਕਾ-ਤੁਪਕਾ ਗ਼ੁਲਾਮੀ...
ਪਾਣੀ ਦਾ ਬਜ਼ਾਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਬਜ਼ਾਰੀਕਰਨ ਦੀ ਇਹ ਕੋਝੀ ਖੇਡ ਜਿੰਨੀ ਤੇਜੀ ਨਾਲ ਆਪਣਾ ਘੇਰਾ ਵੱਡਾ ਕਰ ਰਹੀ ਹੈ, ਓਨੀ ਹੀ ਤੇਜੀ ਨਾਲ ਪਾਣੀ ਆਮ ਆਦਮੀ ਦੇ ਵੱਸੋਂ ਬਾਹਰ ਦੀ ਵਸਤ ਹੁੰਦਾ ਜਾ ਰਿਹਾ ਹੈ। ਜੀ ਹਾਂ, 'ਵਸਤ'! ਕਿਉਂਕਿ ਬਜ਼ਾਰ ਵਿੱਚ ਉਤਾਰੀ ਗਈ ਹਰ ਸ਼ੈਅ ਇੱਕ ਵਸਤ ਤੋਂ ਵਧ ਕੇ ਕੁੱਝ ਨਹੀਂ ਹੁੰਦੀ ਤੇ ਜਿਹੜਾ ਵਿਅਕਤੀ ਓਸਦੀ ਕੀਮਤ ਤਾਰਨ ਦੀ ਹੈਸੀਅਤ ਰੱਖਦਾ ਹੈ, ਉਹ ਹੀ ਹੁੰਦਾ ਹੈ ਉਸਦਾ ਹੱਕਦਾਰ। ਅਜੋਕੇ ਸਮੇਂ ਪਾਣੀ ਦੇ ਮਾਮਲੇ 'ਚ ਉਪ੍ਰੋਕਤ ਗੱਲਾਂ ਇੰਨ-ਬਿੰਨ ਲਾਗੂ ਹੁੰਦੀਆਂ ਹਨ। ਪੂੰਜੀਪਤੀਆਂ ਦੇ ਬਜ਼ਾਰਵਾਦੀ ਟੋਲੇ ਅਤੇ ਓਸਦੇ ਪਿੱੱਛਲੱਗ ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਤੰਤਰ ਨੇ ਪਾਣੀ ਨੂੰ ਐਸਾ 'ਗੋਤਾ' ਲਵਾਇਆ ਹੈ ਕਿ ਪਾਣੀ, ਪਾਣੀ ਨਾ ਰਹਿ ਕੇ ਕਈ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਓਤਪ੍ਰੋਤ ਇੱਕ ਵਿਲੱਖਣ ਸ਼ੈਅ ਦਾ ਰੂਪ ਇਖਤਿਆਰ ਕਰ ਗਿਆ ਹੈ। ਇਹ ਵਿਲੱਖਣ ਸ਼ੈਅ ਹਰ ਓਸ ਵਿਅਕਤੀ ਲਈ ਹਰ ਪਲ ਉਪਲਭਧ ਹੈ ਜਿਹਦੀ ਜੇਬ ਦਾ ਮੂੰਹ ਬਜ਼ਾਰ ਵੱਲ ਖੁੱਲਦਿਆਂ ਪਲ ਭਰ ਵੀ ਨਹੀਂ ਲੱਗਦਾ। ਇਸ ਵਿਲੱਖਣ ਸ਼ੈਅ ਨੂੰ ਆਮ ਲੋਕ 'ਬਿਸਲੇਰੀ' ਜਾਂ 'ਮਿਨਰਲ ਵਾਟਰ' ਦੇ ਨਾਂਅ ਨਾਲ ਜਾਣਦੇ ਹਨ। ਜਿਹੜਾ ਕਿ ਉਹਨਾਂ ਦੀ ਪਹੁੰਚ ਤੋਂ ਬਾਹਰ ਦੀ ਚੀਜ ਹੈ। ਇਸਦਾ ਬਜ਼ਾਰ, ਉਹਨਾਂ ਨੂੰ ਜਨਤਕ ਜਲਘਰਾਂ ਦੁਆਰਾ ਜਨਤਕ ਨਲਾਂ ਰਾਹੀਂ ਉਪਲਭਧ ਕਰਵਾਏ ਜਾਣ ਵਾਲੇ ਪਾਣੀ ਤੋਂ ਵਾਂਝਿਆਂ ਕਰਨ ਦੇ ਮਨਸੂਬੇ ਘੜੀ ਬੈਠਾ ਹੈ। 'ਪੰਜਾਬ ਰੂਰਲ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪ੍ਰੋਗਰਾਮ' ਆਪਣੇ-ਆਪ ਵਿੱਚ ਇਸਦੀ ਇੱਕ ਵੱਡੀ ਮਿਸਾਲ ਹੈ। ਸਰਕਾਰ ਦੁਆਰਾ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਉਪਲਭਧ ਕਰਵਾਉਣ ਲਈ ਇਹ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਜਿਸ ਪਿੰਡ ਵਿੱਚ ਇਸ ਪ੍ਰੋਗਰਾਮ ਤਹਿਤ ਸਬੰਧਤ ਕੰਮ ਸ਼ੁਰੂ ਹੁੰਦਾ ਹੈ, ਸਭ ਤੋਂ ਪਹਿਲਾਂ ਉਸ ਪਿੰਡ ਵਿਚਲੀਆਂ ਸਾਰੀਆਂ ਜਨਤਕ ਟੂਟੀਆਂ ਉਖਾੜ ਦਿੱਤੀਆਂ ਜਾਂਦੀਆਂ ਹਨ। ਇਸਦਾ ਸਿੱਧਾ ਅਰਥ ਇਹ ਹੈ ਕਿ ਪਾਣੀ ਉੱਤੇ ਕੇਵਲ ਤੇ ਕੇਵਲ ਓਸੇ ਦਾ ਅਧਿਕਾਰ ਹੈ ਜੋ ਇਸਨੂੰ ਖਰੀਦ ਸਕਣ ਦੀ ਹੈਸੀਅਤ ਰੱਖਦਾ ਹੈ। (ਜਰਾ ਸੋਚੋ! ਗਰੀਬੀ ਰੇਖਾ ਤੋਂ ਵੀ ਹੇਠ ਜਿਉਣ ਲਈ ਮਜ਼ਬੂਰ ਲੋਕਾਂ ਨੂੰ ਪਾਣੀ ਕਿਵੇਂ ਉਪਲਭਧ ਹੋਵੇਗਾ?) ਫਿਰ ਸ਼ੁਰੂ ਹੁੰਦੀ ਹੈ ਅਗਲੀ ਕਾਰਵਾਈ 400 ਘਰਾਂ ਦੇ ਪਿੰਡ ਪਿੱਛੇ ਆਧੁਨਿਕ ਜਲਘਰ ਬਣਾਉਣ ਲਈ ਪ੍ਰਤੀ ਘਰ 400 ਤੇ 800 ਰੁਪਏ ਦੇ ਅਨੁਪਾਤ ਵਿੱਚ ਪੈਸੇ ਇਕੱਠੇ ਕਰਕੇ ਪੰਚਾਇਤ ਦੁਆਰਾ ਸਰਕਾਰ ਵੱਲੋਂ ਇਸ ਕੰਮ ਲਈ ਥਾਪੀ ਗਈ ਸਬੰਧਤ ਏਜੰਸੀ ਜਾਂ ਅਦਾਰੇ ਕੋਲ ਜਮ੍ਹਾਂ ਕਰਵਾਏ ਜਾਂਦੇ ਹਨ ਬਾਕੀ ਦਾ ਵਿੱਤ, ਵਿਸ਼ਵ ਬੈਂਕ ਸੂਬੇ ਦੇ ਸਿਰ ਕਰਜ਼ ਦੇ ਰੂਪ ਵਿੱਚ ਸਬੰਧਤ ਅਦਾਰੇ ਨੂੰ ਉਪਲਭਧ ਕਰਵਾਉਂਦਾ ਹੈ। ਇਸ ਤਰ੍ਹਾਂ ਪਿੰਡ ਵਿੱਚ ਅਜਿਹੇ ਜਲਘਰ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸਨੂੰ ਕਿ ਨਿਰਮਾਨ ਉਪਰੰਤ ਨਿਯਮਾਂ ਮੁਤਾਬਿਕ ਪਿੰਡ ਦੀ ਪੰਚਾਇਤ ਨੂੰ ਸੌਂਪ ਦਿੱਤਾ ਜਾਂਦਾ ਹੈ। ਹੁਣ ਪੰਚਾਇਤ ਹੀ ਜਲਘਰ ਦੇ ਸਮੁੱਚੇ ਪ੍ਰਬੰਧਨ ਅਤੇ ਰਖ-ਰਖਾਅ ਲਈ ਜਿੰਮੇਵਾਰ ਸੰਸਥਾ ਬਣ ਜਾਂਦੀ ਹੈ। ਏਥੋਂ ਹੀ ਹੁੰਦੀ ਹੈ ਸਮੱਸਿਆ ਦੀ ਸ਼ੁਰੂਆਤ । ਭਲਾਂ ਚਾਰ-ਚਾਰ ਧੜਿਆਂ 'ਚ ਵੰਡਿਆ ਹੋਇਆ ਪਿੰਡ ਕਿਵੇਂ ਚਲਾ ਸਕੇਗਾ ਪੰਚਾਇਤੀ ਜਲਘਰ ਨੂੰ (ਅੱਜ ਪੰਜਾਬ ਦੇ ਬਹੁਤੇ ਪਿੰਡਾਂ ਦੇ ਹਾਲਾਤ ਇਹ ਹੀ ਹਨ)। ਪੰਚਾਇਤੀ ਚੋਣਾਂ ਦੇ ਮੌਜ਼ੂਦਾ ਸਰੂਪ ਦੀ ਇਹ ਇੱਕ ਲਾਮਿਸਾਲ ਪ੍ਰਾਪਤੀ ਹੈ ਕਿ ਹੁਣ ਇੱਕ ਪਿੰਡ ਵਿੱਚ ਪਹਿਲਾਂ ਵਾਂਗਰ ਸਿਰਫ 2 ਹੀ ਧੜੇ ਨਹੀਂ ਰਹਿ ਗਏ, ਸਗੋਂ ਇਹਨਾਂ ਦਾ ਵਿਕਾਸ ਹੋ ਗਿਆ ਹੈ ਤੇ ਗਿਣਤੀ 4-4 ਧੜਿਆਂ ਤੱਕ ਪਹੁੰਦ ਗਈ ਹੈ! ਦੋ ਅਕਾਲੀਆਂ ਦੇ ਤੇ ਦੋ ਹੀ ਕਾਂਗਰਸੀਆਂ ਦੇ। ਇਸਦਾ ਸਿੱਧਾ ਅਰਥ ਇਹ ਹੈ ਕਿ ਪੰਚਾਇਤਾਂ ਵਿੱਚ ਵੀ ਧੜੇਬੰਦੀ ਇੱਕ ਆਮ ਵਰਤਾਰਾ ਹੋ ਨਿੱਬੜੀ ਹੈ। ਇਹਨਾਂ ਹਾਲਾਤਾਂ ਵਿੱਚ ਇੱਕ ਗੱਲ ਪੱਕੀ ਹੋ ਜਾਂਦੀ ਏ ਕਿ ਹੋਰ ਜੋ ਵੀ ਹੋ ਜਾਵੇ ਪਰ ਪਿੰਡ ਵਿੱਚ ਪੰਚਾਇਤੀ ਜਲਘਰ ਦੀ ਸੁਚਾਰੂ ਵਿਵਸਥਾ ਕਦੇ ਵੀ ਅਕਾਰ ਨਹੀਂ ਲੈ ਸਕੇਗੀ। ਜਲਘਰ ਨੂੰ ਚਲਾਉਣ ਵਿੱਚ ਪੰਚਾਇਤ ਦੀ ਨਾਕਾਮਯਾਬੀ ਹੀ ਅੱਗੇ ਚੱਲ ਕੇ ਪਿੰਡ ਵਿੱਚ ਪਾਣੀ ਦੇ ਨਿੱਜੀਕਰਨ ਲਈ, ਬਜ਼ਾਰ ਦੁਆਰਾ ਪਹਿਲਾਂ ਤੋਂ ਹੀ ਤਿਆਰ ਕੀਤਾ ਗਿਆ ਅਦ੍ਰਿਸ਼ ਦੁਆਰ ਬਹੁਕੌਮੀ ਕੰਪਨੀਆਂ ਜਾਂ Àਹਨਾਂ ਦੇ ਸਥਾਨਕ ਦਲਾਲਾਂ ਲਈ ਕਾਨੂੰਨੀ ਰੂਪ ਵਿੱਚ ਖੋਲ੍ਹ ਦੇਵੇਗੀ। ਜਿਹੜਾ ਕਿ ਭਵਿੱਖ ਵਿੱਚ ਸਾਡੇ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋਵੇਗਾ। ਕਿਉਂਕਿ ਪਾਣੀ ਦਾ ਨਿੱਜੀਕਰਨ ਆਮ ਲੋਕਾਂ ਦੀ ਸਹੂਲੀਅਤ ਨੂੰ ਮੁੱਖ ਰੱਖ ਕੇ ਕੀਤੀ ਗਈ ਸਰਕਾਰੀ ਪਹਿਲਕਦਮੀ ਨਹੀਂ ਸਗੋਂ ਬਹੁਕੌਮੀ ਕੰਪਨੀਆਂ ਦੇ ਸਲਾਨਾ ਟਰਨ ਓਵਰ ਵਿੱਚ ਅੰਨ੍ਹੇ ਵਾਧੇ ਅਤੇ ਉਹਨਾਂ ਦੇ ਕੋਝੇ ਮਨਸੂਬਿਆਂ ਦੀ ਪੂਰਤੀ ਲਈ ਸੱਤਾ ਦੇ ਲਾਲਚੀਆਂ ਦੁਆਰਾ ਉਹਨਾਂ ਨੂੰ ਉਪਲਭਧ ਕਰਵਾਇਆ ਜਾਣ ਵਾਲਾ ਬਜ਼ਾਰ ਹੀ ਹੋਵੇਗਾ। ਯਾਦ ਰੱਖਣਾ ਬਜ਼ਾਰ ਹਰੇਕ ਚੀਜ ਦਾ ਮੁੱਲ ਵੱਟਦਾ ਹੈ ਤੇ ਉਹ ਵੀ ਆਪਣੀਆਂ ਸ਼ਰਤਾਂ 'ਤੇ। ਪੰਜਾਬ ਰੂਰਲ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪ੍ਰੋਗਰਾਮ ਤਹਿਤ ਜੋ ਕੁੱਝ ਹੋਣ ਜਾ ਰਿਹਾ ਹੈ, ਏਦਾਂ ਦਾ ਹੀ ਵਰਤਾਰਾ 1999 ਵਿੱਚ ਬੇਹੱਦ ਗਰੀਬ ਦੱਖਣੀ ਅਮਰੀਕੀ ਦੇਸ ਬੋਲੀਵੀਆ ਦੇ ਤੀਜੇ ਵੱਡੇ ਸੂਬੇ ਕੋਚਾਬਾਂਬਾ ਦੀ ਵੀ ਅਣਹੋਣੀ ਬਣਿਆ ਸੀ। ਓਥੋਂ ਦੀ ਸਰਕਾਰ ਨੇ ਰਾਜ ਵਿੱਚ ਪਾਣੀ ਦੀ ਸਪਲਾਈ ਦਾ ਜਿੰਮਾਂ ਲੰਡਨ ਦੀ ਇੱਕ ਬਹੁਕੌਮੀ ਵਾਟਰ ਲਿਮਟਿਡ ਦੀ ਇੱਕ ਹੱਥਠੋਕਾ ਕੰਪਨੀ ਏਗਿਊਸ਼ ਡੈੱਲ ਟਿਉਨਰੀ ਨੂੰ 40 ਸਾਲ ਦੇ ਇੱਕ ਕਾਂਟਰੈਕਟ ਤਹਿਤ ਸੌਂਪ ਦਿੱਤਾ ਸੀ। ਕੰਪਨੀ ਦੇ ਆਉਣ ਦੇ ਕੁੱਝ ਹਫ਼ਤਿਆਂ ਅੰਦਰ ਹੀ ਕੋਚਾਬਾਂਬਾ ਵਿਖੇ ਪਾਣੀ ਦੇ ਰੇਟਾਂ ਵਿੱਚ 200 ਤੋਂ 300 ਪ੍ਰਤੀਸ਼ਤ ਤੱਕ ਦਾ ਵਾਧਾ ਹੋ ਗਿਆ। ਸਿੱਟੇ ਵਜੋਂ ਲੋਕ ਸੜਕਾਂ 'ਤੇ ਉੱਤਰ ਆਏ ਅਤੇ ਬੰਦ, ਰੋਸ ਧਰਨਿਆਂ ਆਦਿ ਦਾ ਦੌਰ ਸ਼ੁਰੂ ਹੋ ਗਿਆ। ਲੋਕਾਂ ਦੀ ਆਵਾਜ ਨੂੰ ਦਬਾਉਣ ਲਈ ਸਰਕਾਰ ਨੇ ਬਲ ਪ੍ਰਯੋਗ ਅਤੇ ਅੱਥਰੂ ਗੈਸ ਦਾ ਸਹਾਰਾ ਲਿਆ। ਜਿਸ ਜਿਸ ਵਿੱਚ ਪਹਿਲੇ ਹੱਲੇ, 175 ਅੰਦੋਲਨਕਾਰੀ ਜਖਮੀ ਅਤੇ 2 ਅੰਨ੍ਹੇ ਹੋ ਗਏ। ਗੱਲ ਏਥੇ ਹੀ ਨਹੀਂ ਮੁੱਕੀ ਸਰਕਾਰ ਨੇ ਗੱਲਬਾਤ ਦੇ ਬਹਾਨੇ ਅੰਦੋਲਨਕਾਰੀਆਂ ਦੇ ਲੀਡਰ ਆਸਕਰ ਓਲੀਵੇਰ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਇਸਦੇ ਵਿਰੋਧ ਵਿੱਚ ਅਗਲੇ ਦਿਨ ਵੱਡੀ ਗਿਣਤੀ ਵਿੱਚ ਲੋਕ ਕੋਚਾਬਾਂਬਾ ਦੇ ਸਿਟੀ ਹਾਲ ਸਾਹਮਣੇ ਇਕੱਠੇ ਹੋ ਗਏ ਤੇ ਅੰਦੋਲਨ ਪੂਰੇ ਦੇਸ ਵਿੱਚ ਫੈਲ ਗਿਆ। ਇਸ ਦੌਰਾਨ ਜਿੱਥੇ 50 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਓਥੇ ਹੀ ਦਰਜਨਾਂ ਲੋਕ ਜਖਮੀ ਹੋਏ ਅਤੇ 6 ਅੰਦੋਲਨਕਾਰੀ ਸਰਕਾਰੀ ਦਮਨ ਦੀ ਭੇਟ ਚੜਕੇ ਸ਼ਹੀਦੀ ਪਾ ਗਏ। ਪਰ ਅੰਤ ਵਿੱਚ ਜਿੱਤ ਲੋਕਾਂ ਦੀ ਹੀ ਹੋਈ। ਏਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੰਪਨੀ ਆਪਣੀਆਂ ਸ਼ਰਤਾਂ ਮੁਤਾਬਿਕ ਸਰਕਾਰ ਤੋਂ ਕਰੋੜਾਂ ਅਮਰੀਕੀ ਡਾਲਰ ਹਰਜਾਨੇ ਦੇ ਰੂਪ ਵਿੱਚ ਲੈ ਕੇ ਹੀ ਓਥੋਂ ਨਿਕਲੀ। ਸਾਨੂੰ ਖਦਸ਼ਾ ਹੀ ਨਹੀਂ ਸਗੋਂ ਪੂਰਾ ਯਕੀਨ ਹੈ ਕਿ ਦੇਰ ਸਵੇਰ ਪਾਣੀ ਦੇ ਮਸਲੇ 'ਤੇ ਪੰਜਾਬ ਵਿੱਚ ਵੀ ਇਹ ਹੀ ਸਭ ਵਾਪਰਨ ਵਾਲਾ ਹੈ। ਕਿਉਂਕਿ ਵਿਸ਼ਵ ਬੈਂਕ ਕਦੇ ਵੀ ਸਿੱਧੇ ਹੱਥ ਕੰਨ ਨਹੀਂ ਫੜਦਾ ਤੇ ਓਸਦਾ ਸਾਰਾ ਜੋਰ ਬਹੁਕੌਮੀ ਕੰਪਨੀਆਂ, ਖਾਸਕਰ ਅਮਰੀਕੀ ਹਿੱਤਾਂ ਨੂੰ ਪ੍ਰਣਾਏ ਹੋਏ ਕਾਰਪੋਰੇਟ ਦਾਨਵਾਂ ਦੇ ਹਿੱਤ ਸਾਧਣ 'ਤੇ ਹੀ ਲੱਗਾ ਰਹਿੰਦਾ ਹੈ। ਕਾਰਨ ਵੀ ਜਾਨਣਾਂ ਚਾਹੋਗੇ! ਵਿਸ਼ਵ ਬੈਂਕ ਭਲਾਂ ਏਦਾਂ ਕਿਉਂ ਕਰਦਾ? ਜੀ ਉੱਤਰ ਦੇਖੋ: ਵਿਸ਼ਵ ਬੈਂਕ ਵਿੱਚ ਜਿੰਨੇ ਵੀ ਤੇ ਜਿਸ ਤਰ੍ਹਾਂ ਦੇ ਵੀ ਫੈਸਲੇ ਲਏ ਜਾਂਦੇ ਹਨ ਸਾਰੇ ਵੋਟਾਂ ਦੁਆਰਾ ਲਏ ਜਾਂਦੇ ਹਨ। ਸਭ ਤੋਂ ਜਿਆਦਾ ਵੋਟ ਅਮਰੀਕਾ ਕੋਲ ਹਨ। ਵੋਟ ਸਿਸਟਮ ਦਾ ਆਧਾਰ ਹਰੇਕ ਦੇਸ ਦੁਆਰਾ ਵਿਸ਼ਵ ਬੈਂਕ ਦੇ ਗਠਨ ਸਮੇਂ ਇਸਨੂੰ ਦਿੱਤੀ ਗਈ ਧਨ ਰਾਸ਼ੀ ਹੈ। ਇਸ ਪੱਖੋਂ ਵਿਸ਼ਵ ਬੈਂਕ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਅਮਰੀਕਾ ਦੀ ਹੈ। ਪਤਾ ਕਿੰਨੀ? 16%, ਇਸ ਆਧਾਰ 'ਤੇ ਅਮਰੀਕਾ ਦੀਆਂ ਵੋਟਾਂ ਪਤਾ ਕਿੰਨੀਆਂ ਹੋਈਆਂ? 85 ਪ੍ਰਤੀਸ਼ਤ। ਹੁਣ ਦੱਸੋ ਵਿਸ਼ਵ ਬੈਂਕ ਕਿਸਦਾ ਹੋਇਆ, ਕਿਸਦੇ ਇਸ਼ਾਰਿਆਂ 'ਤੇ ਚਲਦਾ ਹੈ ਤੇ ਸਾਡੇ ਦੇਸ ਦੀਆਂ ਨੀਤੀਆਂ ਕਿੱਥੇ, ਕਿਹਦੇ ਲਈ ਤੇ ਕਿਹਦੇ ਦੁਆਰਾ ਘੜੀਆਂ ਜਾਂਦੀਆਂ ਹਨ? ਉਪ੍ਰੋਕਤ ਤੱਥਾਂ ਦੀ ਰੌਸ਼ਨੀ ਵਿੱਚ ਜਰਾ ਸੋਚੋ ਕਿ ਵਿਸ਼ਵ ਬੈਂਕ ਦੁਆਰਾ ਪ੍ਰਜੋਜਿਤ ਇਹ ਪ੍ਰੋਗਰਾਮ ਸਾਨੂੰ ਕੀ ਦੇ ਕੇ ਜਾਵੇਗਾ? ਚਲੋ ਮੈਂ ਈ ਦੱਸ ਦਿੰਨੈਂ- ਤੁਪਕਾ-ਤੁਪਕਾ ਗ਼ੁਲਾਮੀ ………

Sunday, January 10, 2010

ਨਿਹਚਾ ਖੁਣੋਂ ਸੱਖਣੀ ਖੇਤੀ ਤੇ ਦਰਦ ਹੰਡਾਉਂਦੇ ਖੇਤ...
ਕਿੱਤੇ ਪ੍ਰਤੀ ਉਦਾਸੀਨਤਾ ਅਤੇ ਲਾਪਰਵਾਹ ਵਤੀਰਾ, ਆਲਸੀ ਮਾਨਸਿਕਤਾ ਦਾ ਪ੍ਰਤੀਕ ਹੈ। ਅਜਿਹੀ ਮਨੋਦਸ਼ਾ ਦਾ ਮਨੁੱਖ ਨਾ ਤਾਂ ਆਪਣਾ ਹੀ ਭਲਾ ਬੁਰਾ ਸੋਚਣ ਦੀ ਸੋਝੀ ਰੱਖਦਾ ਹੈ ਤੇ ਨਾ ਹੀ ਦੂਸਰਿਆਂ ਦਾ। ਉਹ ਸਮਾਜ ਵਿੱਚ ਆਤਮ ਵਿਸ਼ਵਾਸ਼ ਤੋਂ ਸੱਖਣੇ ਤੇ ਬੇਹੱਦ ਗੈਰ ਜਿੰਮੇਦਾਰ ਪਾਤਰ ਦੇ ਤੌਰ 'ਤੇ ਵਿਚਰਦਾ ਹੈ। ਇੱਕ ਅਜਿਹਾ ਸ਼ਖ਼ਸ਼ ਜਿਸਤੋਂ ਕਿਸੇ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਜੋ ਜਾਣੇ-ਅਣਜਾਣੇ ਸਮੁੱਚੇ ਜੀਵਨ ਲਈ ਨਿਰੰਤਰ ਖ਼ਤਰੇ ਸਹੇੜਦਾ ਰਹਿੰਦਾ ਹੈ। ਅਜਿਹੇ ਖ਼ਤਰੇ ਜਿਹਨਾਂ ਦੀ ਖ਼ਾਮੋਸ਼ ਆਮਦ ਕੁਦਰਤ ਨੂੰ ਬਰਦਾਸ਼ਤ ਨਹੀਂ ਹੁੰਦੀ ਤੇ ਜਿਹਨਾਂ ਕਾਰਨ ਮਨੁੱਖਤਾ ਦੇ ਸੀਨੇ ਤੇ ਕਦੇ ਨਾ ਭਰਨ ਵਾਲੇ ਸੱਲ ਹੋ ਜਾਂਦੇ ਹਨ।
ਤੁਸੀਂ ਸੋਚਦੇ ਹੋਵੋਂਗੇ ਇਹਨਾਂ ਸਭ ਗੱਲਾਂ ਦਾ ਖੇਤੀ ਨਾਲ ਕੀ ਮੇਲ? ਮੇਲ, ਹੈ! ਅੱਜ ਸਾਡਾ ਕਿਸਾਨ ਏਸੇ ਮਾਨਸਿਕਤਾ ਦਾ ਸ਼ਿਕਾਰ ਹੈ। ਖੇਤੀ ਉਸ ਵਾਸਤੇ, ਕਿੱਤੇ ਦੇ ਰੂਪ ਵਿੱਚ ਇੱਕ ਅਜਿਹਾ ਜੂਲਾ ਹੈ, ਜਿਸਨੂੰ ਉਹ ਚਾਹ ਕੇ ਵੀ ਗਲੋਂ ਨਹੀਂ ਲਾਹ ਸਕਦਾ। ਅਜਿਹੇ ਹਾਲਾਤ ਵਿੱਚ ਕਿਸਾਨ ਦੇ ਮਨ 'ਚ ਖੇਤੇ ਪ੍ਰਤੀ ਨਿਹਚਾ ਦਾ ਸਵਾਲ ਤਾਂ ਉੱਕਾ ਹੀ ਪੈਦਾ ਨਹੀਂ ਹੁੰਦਾ! ਖੇਤੀ ਉਸਨੂੰ ਘਾਟੇ ਦਾ ਸੌਦਾ ਪ੍ਰਤੀਤ ਹੁੰਦੀ ਹੈ। ਏਸੇ ਕਾਰਨ ਉਹ ਖੇਤੀ ਪੱਖੋਂ ਲਗਾਤਾਰ ਉਦਾਸੀਨ ਹੁੰਦਾ ਜਾ ਰਿਹਾ ਹੈ। ਇਹ ਉਦਾਸੀਨਤਾ ਹੀ ਅੱਗੇ ਚੱਲ ਕੇ ਲਾਪਰਵਾਹੀ ਦਾ ਰੂਪ ਧਾਰਨ ਕਰਦੀ ਲੈਂਦੀ ਹੈ। ਹਾਂ, ਅੱਜ ਸਾਡਾ ਕਿਸਾਨ ਸਚਮੁੱਚ ਲਾਪਰਵਾਹ ਹੋ ਗਿਆ ਹੈ! ਲਾਪਰਵਾਹ ਵੀ ਏਨਾਂ ਕਿ ਉਹਦੇ ਲਈ ਖੇਤੀ ਕੋਈ ਓਪਰੀ ਸ਼ੈਅ ਹੋ ਗਈ ਜਾਪਦੀ ਹੈ। ਉਹ ਹਰ ਹੀਲੇ ਇਸ ਤੋਂ ਪੱਲਾ ਛੁਡਾਉਣਾ ਚੰਹੁਦਾ ਹੈ। ਨਹੀਂ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ? ਕਿ ਜਿਹਨਾਂ ਖੇਤਾਂ ਦਾ ਉਹ ਮਾਲਿਕ ਹੈ, ਉਹਨਾਂ ਖੇਤਾਂ ਦੀ ਦੇਖ-ਰੇਖ ਲਈ ਵੀ ਉਹਦੇ ਕੋਲ ਸਮਾਂ ਨਹੀਂ ਹੈ। ਖੇਤ, ਖੇਤੀ ਅਤੇ ਖੇਤੀ ਨਾਲ ਜੁੜੇ ਕੰਮ ਉਹਦੇ ਲਈ ਪਹਿਲ ਦੇ ਆਧਾਰ 'ਤੇ ਮਹੱਤਵ ਨਹੀਂ ਰਖਦੇ। ਕਿਸੇ ਵੀ ਤੁਛ ਤੋਂ ਤੁਛ ਕੰਮ ਦੇ ਬਹਾਨੇ ਉਹ ਖੇਤੀ ਦੇ ਕੰਮਾਂ ਨੂੰ ਲਮਕਾਉਣ ਲੱਗਿਆ ਜਰਾ ਵੀ ਦੇਰ ਨਹੀ ਲਾਉਂਦਾ। ਮੈਂ ਅੱਜ ਤੱਕ ਕੋਈ ਅਜਿਹਾ ਵਪਾਰੀ ਜਾਂ ਦੁਕਾਨਦਾਰ ਨਹੀਂ ਦੇਖਿਆ ਜਿਹੜਾ ਆਪਣੇ ਕਿੱਤੇ ਦੀ ਕੀਮਤ 'ਤੇ ਕਿਸੇ ਹੋਰ ਕੰਮ ਨੂੰ ਹੱਥ ਪਾਉਦਾ ਹੋਵੇ। ਇਕੱਲਾ ਕਿਸਾਨ ਹੀ ਇਹ ਨਾ-ਅਹਿਲ ਖਾਸੀਅਤ ਰੱਖਦਾ ਹੈ। ਹੁਣ ਉਸਨੂੰ ਵਿਹਲੇ ਰਹਿਣਾ ਚੰਗਾ ਲੱਗਦਾ ਹੈ। ਘੰਟਿਆਂਬੱਧੀ ਤਾਸ਼ ਖੇਡਣਾਂ ਉਸਦੀਆਂ ਆਦਤਾਂ 'ਚ ਸ਼ੁਮਾਰ ਹੋ ਗਿਆ ਹੈ। ਸਰੇ ਬਜ਼ਾਰ ਰੇਹੜੀ ਤੋਂ ਸਬਜ਼ੀ ਖਰੀਦਿਆਂ ਉਸਦੇ ਮੋਢੇ ਨਹੀਂ ਝੁਕਦੇ, ਅੱਖਾਂ ਧਰਤੀ 'ਚ ਨਹੀਂ ਗੱਡੀਦੀਆਂ।
ਲਾਈਲੱਗ ਏਡਾ! ਕਿ ਜਿਹੜਾ ਰਸਾਇਣਕ ਖਾਦ ਜਾਂ ਕੀੜੇਮਾਰ ਜ਼ਹਿਰਫ਼ਰੋਸ਼ ਖੇਤੀ ਦਾ ਊੜਾ-ਐੜਾ ਵੀ ਨਹੀਂ ਜਾਣਦਾ ਉਹਦੇ ਕਹਿਣ 'ਤੇ ਉਹ, ਕੁੱਝ ਵੀ ਅੱਗ-ਸਵਾਹ ਆਪਣੇ ਖੇਤ ਵਿੱਚ ਆਪਣੀ ਫਸਲ 'ਤੇ ਲਿਆ ਸੁੱਟਦਾ ਹੈ। ਫਿਰ ਨਤੀਜ਼ਾ ਚਾਹੇ ਜੋ ਵੀ ਹੋਵੇ। ਅਸੀਂ ਨਿਰੰਤਰ ਦੇਖ ਰਹੇ ਹਾਂ ਤੇ ਕਿਸਾਨ ਵੀ ਇਸ ਗੱਲ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਹੈ ਕਿ ਖੇਤੀ ਵਿੱਚ ਅੰਨ੍ਹੋਵਾਹ ਵਰਤੇ ਜਾ ਰਹੇ ਕੀੜੇਮਾਰ ਜਹਿਰਾਂ ਤੇ ਰਸਾਇਣਕ ਖਾਦਾਂ ਕਾਰਨ ਲੋਕ ਵੱਡੇ ਪੱਧਰ 'ਤੇ ਕੈਂਸਰ ਦੇ ਨਾਲ-ਨਾਲ ਪ੍ਰਜਨਣ ਸਿਹਤ ਸਬੰਧੀ ਵੀ ਨਾਮੁਰਾਦ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ। ਏਥੋਂ ਤੱਕ ਕਿ ਰਸਾਇਣਕ ਢੰਗਾਂ ਨਾਲ ਉਗਾਈਆਂ ਜਾ ਰਹੀਆਂ ਫਸਲਾਂ ਦੇ ਝਾੜ ਵਿੱਚ ਵੀ ਜਾਂ ਤਾਂ ਖੜੋਤ ਆ ਚੁੱਕੀ ਹੈ ਤੇ ਜਾਂ ਉਹ ਘਟਦੇ ਕ੍ਰਮ ਵੱਲ ਚੱਲ ਪਏ ਹਨ। ਦੂਜੇ ਸ਼ਬਦਾਂ 'ਚ ਧਰਤੀ ਦੀ ਉਪਜਾਉ ਸ਼ਕਤੀ ਲਗਾਤਾਰ ਘਟ ਰਹੀ ਹੈ। ਇਹਨਾਂ ਗੱਲਾਂ ਦੇ ਰੌਸ਼ਨੀ ਵਿੱਚ ਜਦੋਂ ਕਿਸਾਨਾਂ ਨਾਲ, ਉਹਨਾਂ ਨੂੰ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦਾ ਵਾਸਤਾ ਦੇ ਕੇ ਵੀ ਗੱਲ ਕਰਦੇ ਹਾਂ ਤਾਂ ਬਹੁ ਗਿਣਤੀ ਕਿਸਾਨਾਂ ਦਾ ਜਵਾਬ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੈ! ਜਵਾਬ ਹੁੰਦੈ...'ਉਹਨਾਂ ਦੀ ਉਹਨਾਂ ਨਾਲ ਵੇਖੀ ਜਾਊ ਅਸੀਂ ਤਾਂ ਆਪਣਾ ਫਾਇਦਾ ਦੇਖਣੈ!' ਪਤਾ ਨਹੀਂ ਕਿਸ ਫਾਇਦੇ ਦੀ ਗੱਲ ਕਰਦੇ ਹਨ, ਉਹ ਵੀ ਏਡੀ ਵੱਡੀ ਕੀਮਤ 'ਤੇ! ਪੁੱਛੀਦੈ ਮਨਾਂ! ਇਹੋ ਜਿਹਾ ਕਿਹੜਾ ਫਾਇਦਾ ਏ ਜਿਹਦੇ ਲਈ ਦੇਸ ਦਾ ਅੰਨ੍ਹਦਾਤਾ ਆਪਣੇ ਪੁੱਤ-ਪੋਤਰਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਲੱਗਿਆ ਵੀ ਨਹੀਂ ਹਿਚਕਦਾ।
ਇਹ ਕਿਸਾਨ ਦੀ ਲਾਪਰਵਾਹੀ ਦਾ ਚਰਮ ਹੈ ਤੇ ਲਾਪਰਵਾਹੀ ਦੇ ਏਸੇ ਰੂਪ ਤੋਂ ਉਪਜਦੀ ਹੈ ਆਲਸੀ ਮਾਨਸਿਕਤਾ। ਜਿਹਦੀਆਂ ਜੜਾਂ ਅੱੱਜ ਤੋਂ 40-45 ਸਾਲ ਪਹਿਲਾਂ ਜਨਮੇਂ ਖੇਤੀ ਦੇ ਅਜੋਕੇ ਸੰਸਕਰਣ ਵਿੱਚ ਨਿਹਿੱਤ ਹਨ। ਜਿਹਦੇ ਤਹਿਤ ਖੇਤੀ, ਸੱਭਿਅਤਾ ਦਾ ਇੱਕ ਅੰਗ ਨਹੀਂ ਸਗੋਂ ਇੱਕ ਕਿੱੱਤਾ ਮਾਤਰ ਬਣ ਕੇ ਰਹਿ ਗਈ ਹੈ। ਕਿੱਤਾ ਵੀ ਅਜਿਹਾ ਜਿਹਦੇ ਵਿੱਚ ਘਾਟੇ ਦਾ ਸ਼ਿਕਾਰ ਹਰ ਵਾਰ ਤੇ ਲਗਾਤਾਰ ਕਿਸਾਨ ਹੀ ਹੁੰਦਾ ਆ ਰਿਹਾ ਹੈ। ਅੱਜ ਕੰਪਨੀਆਂ ਦੀ ਅੰਨ੍ਹੀ ਲੁੱਟ ਦਾ ਸ਼ਿਕਾਰ ਤੇ ਸਰਕਾਰਾਂ ਦੇ ਰਹਿਮੋਕਰਮ ਦਾ ਮੁਥਾਜ ਹੋਇਆ ਦੇਸ ਅਤੇ ਸਮਾਜ ਦੀ ਰੀੜ੍ਹ ਸਾਡਾ ਅੰਨਦਾਤਾ ਬੌਖਲਾ ਗਿਆ ਹੈ। ਇਸ ਬੌਖਲਾਹਟ 'ਚ ਉਸਨੂੰ ਕੁੱਝ ਨਹੀਂ ਸੁੱਝ ਰਿਹਾ ਤੇ ਓਹੋ, ਉਹ ਸਭ ਕੁੱਝ ਕਰ ਰਿਹਾ ਹੈ ਜੋ ਉਸਨੂੰ ਨਹੀਂ ਕਰਨਾ ਚਾਹੀਦਾ। ਖੇਤੀ ਵਿੱਚ ਉਸਦੀ ਨਿਹਚਾ ਖਤਮ ਹੋ ਚੁੱਕੀ ਹੈ ਨਤੀਜ਼ਤਨ, ਸਾਡੇ ਨਾਲ-ਨਾਲ ਖੇਤ ਵੀ ਦਰਦ ਹੰਢਾਉਣ ਲਈ ਮਜ਼ਬੂਰ ਹਨ।

Thursday, January 7, 2010

ਸ਼੍ਰਿਸ਼ਟੀ ਦਾ ਸੰਤਾਪ
ਸ਼੍ਰਿਸ਼ਟੀ ਦਾ ਸੰਤਾਪ ਆਪਣੇ ਸਿਖ਼ਰ 'ਤੇ ਹੈ ਤੇ ਸ਼ਾਇਦ ਬਰਦਾਸ਼ਤ ਦੀ ਹੱਦ ਵੀ। ਅਸੀਂ ਕੁਦਰਤ ਦੇ ਨਿਜ਼ਾਮ ਨੂੰ ਚੁਣੌਤੀਆਂ ਹੀ ਨਹੀਂ ਦੇ ਰਹੇ ਸਗੋਂ ਉਸਨੂੰ ਆਪਣਾ ਦਾਸ ਬਣਾਉਣ 'ਤੇ ਤੁਲ ਗਏ ਹਾਂ। ਸਾਡੀ ਇਸ ਲਾਲਸਾ ਤੋਂ ਜਨਮ ਰਹੀਆਂ ਸਮੱਸਿਆਵਾਂ ਵੱਲੋਂ ਸਾਡੀ ਉਪਰਾਮਤਾ ਨਿਰੰਤਰ ਸੰਘਣੇ ਹੋ ਰਹੇ ਮੌਤ ਦੇ ਕੋਹਰੇ ਨੂੰ ਹੋਰ ਵਧਾ ਰਹੀ ਹੈ। ਲੋੜੀਂਦੀਆਂ ਤੇ ਕੁੱਝ ਬੇਹੱਦ ਗੈਰ ਲੋੜੀਂਦੀਆਂ ਸੁਖ-ਸਹੂਲਤਾਂ ਦੀ ਕਾਮਨਾ ਨੇ ਸਾਨੂੰ ਅਤਿ ਦਰਜੇ ਦੇ ਸਵਾਰਥੀ ਬਣਾ ਦਿੱਤਾ ਹੈ। ਅਸੀਂ ਬੜੀ ਬੇਕਿਰਕੀ ਨਾਲ ਆਪਣੇ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਅਤੇ ਜੀਵਨ ਵਿਹੂਣੇ ਕਰਨ ਦਾ ਪਾਪ ਕਮਾ ਰਹੇ ਹਾਂ। ਜਿਸਦੀ ਸਭ ਤੋਂ ਵੱਡੀ ਤੇ ਅਹਿਮ ਮਿਸਾਲ ਹੈ ਸਾਡਾ ਸਤਲੁਜ। ਜਿਵੇਂ ਹੀ ਇਹ ਇਤਿਹਾਸਕ ਦਰਿਆ ਲੁਧਿਆਣੇ ਸ਼ਹਿਰ ਨੂੰ ਪਿੱਛੇ ਛੱਡਦਾ ਹੋਇਆ ਅਗਲਾ ਪੈਂਡਾ ਮੱਲਦਾ ਹੈ। ਸ਼ਹਿਰ ਦਾ ਹਜ਼ਾਰਾਂ ਟਨ ਉਦਯੋਗਿਕ ਕਚਰਾ ਇਸਦੇ ਪਾਣੀਆਂ ਦੀ ਨਿਰਮਲਤਾ ਨੂੰ ਪੀ ਜਾਂਦਾ ਹੈ। ਸਿੱਟੇ ਵਜੋਂ ਲੁਧਿਆਣੇ ਤੋਂ 20 ਕਿਲੋਮੀਟਰ ਅੱਗੇ ਤੱਕ, ਦਰਿਆ ਜੀਵਨ ਵਿਹੂਣਾ ਹੋ ਚੁੱਕਾ ਹੈ। ਇਹ ਇੱਕ ਦਰਿਆਂ ਦੀ ਹੋਣੀ ਨਹੀਂ ਸਗੋਂ ਅੰਨੇ ਅਤੇ ਨਿਰਲੱਜ਼ ਸਵਾਰਥ ਦੇ ਸ਼ਿਕਾਰ ਮਨੁੱਖੀ ਮਨ ਦੀਆਂ ਮਰ ਰਹੀਆਂ ਸੰਵੇਦਨਾਵਾਂ ਦੀ ਦਾਸਤਾਨ ਹੈ। ਆਪਣੇ ਉਦਯੋਗਿਕ ਕਚਰੇ ਨੂੰ ਨਿਰਮਮਤਾ ਨਾਲ ਦਰਿਆ ਵਿੱਚ ਸੁੱਟਣ ਵਾਲੇ ਕਾਰਖਾਨੇਦਾਰ ਵੀ ਤਾਂ ਇਨਸਾਨ ਹੀ ਹਨ। ਪਰ ਹਾਂ, ਇਹ ਗੱਲ ਵੱਖਰੀ ਹੈ ਕਿ ਉਹਨਾਂ ਵਿਚਲੀ ਇਨਸਾਨੀਅਤ ਦਮ ਤੋੜ ਚੁੱਕੀ ਹੈ। ਉਹ ਹਰ ਹੀਲੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਦੌੜ ਵਿੱਚ ਇਸ ਕਦਰ ਮਸਰੂਫ਼ ਹਨ ਕਿ ਉਹਨਾਂ ਨੂੰ ਪੈਸੇ ਤੋਂ ਸਿਵਾਏ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਪੈਸੇ ਲਈ ਪ੍ਰਮਾਤਮਾ ਦੀ ਆਰਤੀ ਉਤਾਰਨ ਵਾਲੇ ਇਹ ਲੋਕ ਇਹ ਕਿਉਂ ਭੁੱਲ ਜਾਂਦੇ ਹਨ ਕਿ ਉਸਦੀ ਸਾਜੀ ਖਲਕਤ ਨਾਲ ਖਿਲਵਾੜ ਕਰਕੇ ਉਹਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਉਂ ਭੁੱਲ ਜਾਂਦੇ ਹਨ ਇਹ ਲੋਕ ਕਿ ਸਤਲੁਜ ਦਾ ਪਾਣੀ ਸਾਰੇ ਦੇ ਸਾਰੇ ਮਾਲਵੇ ਅਤੇ ਗਵਾਂਢੀ ਰਾਜ ਰਾਜਸਥਾਨ ਦੇ ਇੱਕ ਵੱਡੇ ਹਿੱਸੇ ਦੀ ਜੀਵਨ ਰੇਖਾ ਹੈ! ਛੋਟੇ-ਵੱਡੇ ਸਾਰੇ ਕਾਰਖਾਨੇਦਾਰ ਆਪਣੇ ਮਣਾਂ-ਮੂਹੀਂ ਉਦਯੋਗਿਕ ਕੂੜੇ ਨਾਲ ਇਸ ਜੀਵਨ ਰੇਖਾ ਨੂੰ ਪਲੀਤ ਕਰਕੇ ਮੌਤ ਦੀ ਕੋਝੀ ਖੇਡ, ਖੇਡ ਰਹੇ ਹਨ। ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਰਹਿਣੀ ਚਾਹੀਦੀ ਕਿ ਮਾਲਵੇ ਵਿੱਚ ਵੱਡੇ ਪੱਧਰ 'ਤੇ ਪੈਰ ਪਸਾਰ ਚੁੱਕੇ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਹੋਰ ਅਨੇਕਾ ਨਾਮੁਰਾਦ ਬਿਮਾਰੀਆਂ ਇੱਕ ਵੱਡਾ ਕਾਰਨ, ਲੁਧਿਆਣੇ ਤੇ ਫਗਵਾੜੇ ਵਰਗੇ ਸ਼ਹਿਰਾਂ ਦੇ ਉਦਯੋਗਿਕ ਕੂੜੇ ਕਾਰਨ ਦੂਸ਼ਿਤ ਹੋਇਆ ਸਤਲੁਜ ਦਾ ਪਾਣੀ ਵੀ ਹੈ। ਕੈਂਸਰ ਤੇ ਕਾਲੇ ਪੀਲੀਏ ਵਰਗੇ ਭਿਆਨਕ ਰੋਗਾਂ ਕਾਰਨ ਤ੍ਰਾਹ-ਤ੍ਰਾਹ ਕਰਦੇ ਤੇ ਬਹੁਤ ਹੱਦ ਤੱਕ ਕੰਗਾਲ ਹੋ ਚੁੱਕੇ ਹਜ਼ਾਰਾਂ ਲੋਕਾਂ ਦੀਆਂ ਬਦ-ਦੁਆਵਾਂ ਦਾ ਭਾਰ ਚੁੱਕਣ ਦਾ ਮਾਦਾ ਕਿਵੇਂ ਜੁਟਾਉਣਗੇ? ਪੈਸੇ ਦੇ ਪੀਰ, ਮਨੁੱਖੀ ਸੰਵੇਦਨਾਵਾਂ ਵਿਹੂਣੇ ਇਹ ਉਦਯੋਗਪਤੀ ਤੇ ਇਹਨਾਂ ਦੀ ਪਿੱਠ ਤੇ ਖੜੇ ਇਹਨਾਂ ਦੇ ਰਾਜਨੀਤਕ ਆਕਾ!ਇੰਨਾਂ ਹੀ ਨਹੀਂ ਪਾਣੀ ਦੇ ਨਾਲ-ਨਾਲ ਹਵਾ ਅਤੇ ਧਰਤੀ ਦੀ ਦੁਰਗਤ ਵੀ ਹਰ ਸੰਵੇਦਨਸ਼ੀਲ ਵਿਅਕਤੀ ਦੇ ਰੌਂਗਟੇ ਖੜੇ ਕਰਨ ਦਾ ਮਾਦਾ ਰਖਦੀ ਹੈ। ਆਏ ਦਿਨ ਹਵਾਵਾਂ ਵਿੱਚ ਲੱਖਾਂ ਟਨ ਜ਼ਹਿਰੀਲੀਆਂ ਗੈਸਾਂ ਵਾਹਨਾਂ ਤੇ ਉਦਯੋਗਾਂ ਦੁਆਰਾ ਪੈਦਾ ਕੀਤੇ ਧੂੰਏ ਅਤੇ ਖੇਤਾਂ ਵਿੱਚ ਛਿੜਕੇ/ਛਿੜਕਾਏ ਜਾ ਰਹੇ ਕੀਟਨਾਸ਼ਕ ਜ਼ਹਿਰਾਂ ਦੇ ਰੂਪ ਵਿੱਚ ਘੁਲ ਜਾਂਦਾ ਹੈ। ਨਤੀਜ਼ਤਨ ਜਿੰਦਗੀ ਨੂੰ ਸਾਹ ਬਖ਼ਸ਼ਣ ਵਾਲੀ ਹਵਾ ਅੱਜ ਸਾਹ ਦੇ ਰੋਗਾਂ ਦਾ ਕਾਰਨ ਮਾਤਰ ਬਣਕੇ ਰਹਿ ਗਈ ਹੈ। ਅਸੀਂ ਫਿਰ ਵੀ ਬੜੀ ਬੇਫ਼ਿਕਰੀ ਨਾਲ ਵੱਡੇ ਪੱਧਰ 'ਤੇ ਪਲਾਸਟਿਕ ਜਲਾਉਂਦੇ ਹਾਂ, ਖੇਤਾਂ ਵਿੱਚ ਫਸਲਾਂ ਦੇ ਨਾੜ ਨੂੰ ਅੱਗ ਲਾਉਂਦੇ ਹਾਂ ਤੇ ਫਿਰ ਇਹ ਆਸ ਵੀ ਕਰਦੇ ਹਾਂ ਕਿ ਗੁਰਬਾਣੀ ਪੜ੍ਹਿਆਂ-ਸੁਣਿਆਂ ਹੀ ਸਰਬਤ ਦਾ ਭਲਾ ਹੋ ਜਾਵੇ। ਹੁਣ ਗੱਲ ਕਰਦੇ ਹਾਂ ਧਰਤੀ ਦੀ ਜਿਸਨੂੰ ਸਾਡੇ ਸਮਾਜ ਅਤੇ ਸਾਡੇ ਮਨਾਂ ਵਿੱਚ ਮਾਂ ਦਾ ਦਰਜਾ ਪ੍ਰਾਪਤ ਹੈ। ਪਰ ਇਹ ਕੀ? ਇਸਦੀ ਹੋਣੀ ਤਾਂ ਹੋਰ ਵੀ ਤਰਾਸਦੀ ਭਰੀ ਹੈ। ਧਰਤੀ ਹੀ ਪੂਰੇ ਬ੍ਰਹਿਮੰਡ ਵਿੱਚ ਇੱਕੋ-ਇੱਕ ਅਜਿਹੀ ਮਾਂ ਹੈ ਜਿਸਦੇ ਪੁੱਤ ਹੱਦ ਦਰਜੇ ਦੇ ਕੁਪੁੱਤ ਸਾਬਿਤ ਹੋਏ ਹਨ। ਉਹ ਮਾਂ ਜਿਸਨੂੰ ਮਹਾਂਪੁਰਸ਼ਾ ਨੇ ਅੰਨਪੂਰਨਾਂ ਕਹਿ ਕੇ ਵੱਡਿਆਇਆ ਹੈ ਤੇ ਜਿਸਨੇ ਆਪਣੇ ਬੱਚਿਆਂ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ 'ਚ ਕਦੇ ਕੋਈ ਕੁਤਾਹੀ ਨਹੀਂ ਵਰਤੀ। ਅੱਜ ਆਪਣੇ ਹੀ ਜ਼ਿਗਰ ਦੇ ਟੋਟਿਆਂ ਦੇ ਜੁਲਮ ਦੀ ਸ਼ਿਕਾਰ ਹੈ। ਕਰੋੜਾਂ ਸਾਲਾਂ ਤੋਂ ਮਨੁੱਖ ਦੇ ਨਾਲ-ਨਾਲ ਸਮੁੱਚੀ ਕਾਇਨਾਤ ਵਿੱਚ ਵਿਚਰਦੇ ਅਣਗਿਣਤ ਜੀਵਾਂ ਦੀਆਂ ਅਨੇਕਾਂ ਜ਼ਰੂਰਤਾ ਪੂਰੀਆਂ ਕਰਦੀ ਆ ਰਹੀ ਜਗ ਜਣਨੀ ਮਾਂ ਧਰਤੀ ਨੂੰ ਇਸਦਾ ਹੀ ਜਾਇਆ ਮਨੁੱਖ ਨਾਮ ਦਾ ਇੱਕ ਜਾਨਵਰ ਨੋਚ-ਨੋਚ ਕੇ ਖਾਣ ਲਈ ਉਤਾਵਲਾ ਹੋਇਆ ਫਿਰਦੈ! ਅੱਖਾਂ 'ਤੇ ਪਏ ਲੋਭ ਦੇ ਪਰਦੇ ਅਤੇ ਮਨੁੱਖੀ ਮਨ ਤੇ ਜੰਮੀ ਹੋਈ ਸਵਾਰਥਾਂ ਦੀ ਮੈਲ ਨੇ ਧਰਤੀ ਦੇ ਆਂਚਲ ਨੂੰ ਮੈਲਾ ਕਰਨ ਦਾ ਬੀੜਾ ਚੁੱਕ ਰੱਖਿਆ ਹੈ। ਫਲਸਰੂਪ ਹਰ ਦਿਨ ਲੱਖਾਂ ਟਨ ਉਦਯੋਗਿਕ ਤੇ ਪ੍ਰਮਾਣੂ ਕੂੜੇ ਸਮੇਤ ਵੱਡੀ ਮਾਤਰਾ ਵਿੱਚ ਰਸਾਇਣਕ ਖਾਦਾਂ ਧਰਤੀ ਦੇ ਗਰਭ ਵਿੱਚ ਡੰਪ ਕਰ ਦਿੱਤੀਆਂ ਜਾਂਦੀਆਂ ਹਨ। ਸਿੱਟੇ ਵਜੋਂ ਧਰਤੀ ਲਗਾਤਾਰ ਬੰਜ਼ਰ ਹੁੰਦੀ ਜਾ ਰਹੀ ਹੈ, ਕਈ ਥਾਂਵਾਂ 'ਤੇ ਲੋਕ ਪ੍ਰਮਾਣੂ ਰੇਡੀਏਸ਼ਨ ਦੇ ਸ਼ਿਕਾਰ ਹਨ ਅਤੇ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਦੁਨੀਆਂ ਭਰ ਵਿੱਚ ਰਸਾਇਣਕ ਖੇਤੀ ਦੁਆਰਾ ਉਗਾਈਆਂ ਜਾ ਰਹੀਆਂ ਫਸਲਾਂ ਦੇ ਝਾੜ ਵਿੱਚ ਆਈ ਖੜੋਤ ਅਤੇ ਖੜੋਤ ਤੋਂ ਲੋਕਾਂ ਦਾ ਧਿਆਨ ਲਾਂਭੇ ਰੱਖਣ ਲਈ ਕੰਪਨੀਆਂ ਦੁਆਰਾ ਜੀਐਮ ਫਸਲਾਂ ਨੂੰ ਰਸਾਇਣਕ ਖੇਤੀ ਦੇ ਬਦਲ ਦੇ ਰੂਪ ਵਿੱਚ ਸਥਾਪਤ ਕੀਤੇ ਜਾਣ ਦੀ ਕਵਾਇਦ ਵੀ ਧਰਤੀ ਦੀ ਖਤਮ ਹੰਦੀ ਜਾ ਰਹੀ ਉਪਜਾਊ ਸ਼ਕਤੀ ਦਾ ਪ੍ਰਤੱਖ ਪ੍ਰਮਾਣ ਹੈ। ਅਸੀਂ ਬਾਬੇ ਨਾਨਕ ਦੀ ਧਰਤੀ ਦੇ ਲੋਕ ਇਸ ਵਰਤਾਰੇ ਲਈ ਵੱਡੇ ਪੱਧਰ ਤੇ ਜਿੰਮੇਵਾਰ ਹਾਂ। ਕਿਉਂਕਿ ਘੱਟੋ-ਘੱਟ ਸਾਨੂੰ ਤਾਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ' ਵਾਲੀ ਜੀਵਨ ਜਾਚ ਧਾਰਨ ਕਰਨੀ ਚਾਹੀਦੀ ਸੀ। ਪਰ ਅਸੀਂ ਆਪਣੇ ਗੁਰੂਆਂ ਦੇ ਬਚਨਾਂ 'ਤੇ ਜਿਹੜੇ ਫੁੱਲ ਚੜ੍ਹਾਏ ਹਨ ਉਹ ਕਿਸ ਬਾਹਰੀ ਇੰਕਸ਼ਾਫ਼ ਦੇ ਮੁਥਾਜ ਨਹੀਂ!

Monday, January 4, 2010

ਅਖੌਤੀ ਵਿਕਾਸ ਲੀਲਾ ਦਾ ਕਰੂਪ ਚਿਹਰਾ
ਲੋਕ ਮਨਾਂ 'ਚੋਂ ਗਾਇਬ ਹੁੰਦੀ ਸੰਵੇਦਨਾ, ਪਰਸਪਰ ਮੋਹ ਤੇ ਭਾਈਚਾਰਕ ਸਾਂਝ ਦਾ ਦੁਖਾਂਤ ਆਪਣੇ ਚਰਮ 'ਤੇ ਹੈ। ਅੱਜ ਹਰ ਕੋਈ ਆਪਣੀ-ਆਪਣੀ ਡਫਲੀ ਤੇ ਆਪਣਾ-ਆਪਣਾ ਰਾਗ ਵਾਲੀ ਅਖਾਣ ਨੂੰ ਅਮਲੀ ਜਾਮਾ ਪਹਿਨਾਉਂਦਾ ਪ੍ਰਤੀਤ ਹੁੰਦਾ ਹੈ। ਇੱਕ ਹੀ ਜਾਤ( ਮਾਨਸ ਕੀ ਜਾਤ) ਤੇ ਇੱਕ ਹੀ ਸਮਾਜ ਦਾ ਅੰਗ ਹੋਣ ਦੇ ਬਾਵਜ਼ੂਦ ਹਰ ਮਨੁੱਖ ਇੱਕ-ਦੂਜੇ ਤੋਂ ਦੂਰ-ਦੂਰ ਵਿਚਰਦਾ ਹੈ। ਪੈਸੇ ਦੀ ਗਲਵੱਢ ਦੌੜ 'ਚ ਸ਼ਮਿਲ ਲੋਕ ਕਿਸੇ ਵੀ ਕੀਮਤ 'ਤੇ ਇੱਕ ਦੂਜੇ ਤੋਂ ਅੱਗੇ ਨਿਕਲ ਜਾਣਾ ਲੋਚਦੇ ਹਨ। ਇਹ ਲੋਚਾ ਇੱਥੋਂ ਤੱਕ ਆ ਪਹੁੰਚੀ ਹੈ ਕਿ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਵੀ 20-22 ਸਾਲ ਦੀਆਂ ਬਾਲੜੀਆਂ ਨੂੰ 40-40 ਸਾਲਾਂ ਅਧੇੜ ਵਿਅਕਤੀਆਂ ਦੇ ਲੜ ਲਾ ਕਨੇਡਾ ਅਮਰੀਕਾ ਭੇਜ ਕੇ ਧੀਆਂ ਦਾ ਮੁੱਲ ਵੱਟਣ ਲੱਗ ਪਏ ਹਨ। ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਚੰਗਾ ਸੀ ਪਰ ਇਹ ਕੀ? ਨਿਰਲੱਜਤਾ ਦਾ ਬਿਲਕੁਲ ਨਵਾਂ ਰੂਪ ਦੇਖੋ! : “ਆਈਲੈਟਸ ਮੁੰਡੇ ਲਈ ਆਈਲੈਟਸ ਕੀਤੀ ਕੁੜੀ ਵਾਲੇ ਕੱਚਾ-ਪੱਕਾ ਵਿਆਹ ਕਰਕੇ ਸਟਡੀ ਬੇਸ 'ਤੇ ਆਸਟਰੇਲੀਆ ਭੇਜਣ ਲਈ ਸੰਪਰਕ ਕਰਨ ।” ਏਦਾਂ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਆਮ ਹੋ ਗਏ ਹਨ ਤੇ ਹੁੰਗਾਰਾ ਵੀ ਬੜਾ ਭਰਵਾਂ ਮਿਲ ਰਿਹਾ ਹੈ। ਨਿਰਲੱਜਤਾ ਦੀ ਇਸਤੋਂ ਵੱਡੀ ਕੋਈ ਮਿਸਾਲ ਹੋਰ ਕੀ ਹੋ ਸਕਦੀ ਹੈ ? ਅਣਖਾਂ ਲਈ ਮਰ ਮਿਟਣ ਵਾਲੇ ਲੋਕ ਅਣਖਾਂ ਮੁੱਲ ਵੇਚਣ ਲੱਗ ਪਏ ਹਨ। ਚਾਂਦੀ ਦੇ ਛਿਲੜਾਂ ਖਾਤਰ ਧੀਆਂ ਵੇਚਣ ਦਾ ਨਵਾਂ ਧੰਦਾ ਸ਼ੁਰੂ ਕਰ ਲਿਆ ਹੈ। ਇਸ ਹਮਾਮ ਵਿੱਚ ਸਭ ਨੰਗੇ ਹਨ ਬਿਨਾਂ ਕਿਸੇ ਜਾਤ ਧਰਮ ਜਾਂ ਵਰਗ ਦਾ ਭੇਦ ਕੀਤਿਆਂ। ਕਿਰਦਾਰ ਦੀ ਗਿਰਾਵਟ ਦੇ ਇਸ ਬੇਹੱਦ ਖ਼ਤਰਨਾਕ ਰੁਝਾਨ ਨੂੰ ਬੀਤੇ 17-18 ਸਾਲਾਂ ਦੌਰਾਨ ਹੋਈ ਦੇਸ ਦੀ ਅਖੌਤੀ ਆਰਥਿਕ ਉੱਨਤੀ ਦਾ ਹੀ ਨਤੀਜਾ ਕਿਹਾ ਜਾ ਸਕਦਾ ਹੈ। ਪੱਛਮੀ ਵਿਕਾਸ ਮਾਡਲ ਅਤੇ ਦੇਸੀ ਵਿਦੇਸੀ ਬਹੁਕੌਮੀ ਕੰਪਨੀਆਂ ਦੇ ਜੀ ਹਜ਼ੂਰੀਏ ਸਿਆਸਤਦਾਨਾਂ ਦੇ ਧੱਕੇ ਚੜ੍ਹੇ ਸਾਡੇ ਲੋਕ ਅੱਜ ਪੂਰੀ ਤਰ੍ਹਾਂ ਵਿਵੇਕਹੀਣ ਅਤੇ ਮੋਹ-ਤੇਹ ਤੋਂ ਸੱਖਣੇ ਹੋ ਗਏ ਹਨ। ਭਾਈਚਾਰਕ ਸਾਂਝ ਤਾਂ ਕਿਤੇ ਵੀ ਨਜ਼ਰੀਂ ਨਹੀਂ ਪੈਂਦੀ। ਸਮਾਜ ਵਿੱਚ ਨਿੱਜੀ ਮੁਫ਼ਾਦ ਏਨੇਂ ਭਾਰੀ ਹੋ ਗਏ ਹਨ ਕਿ ਲੋਕਾਂ ਨੂੰ ਨਿੱਜ ਤੋਂ ਅੱਗੇ ਕੁੱਝ ਨਜ਼ਰ ਹੀ ਨਹੀਂ ਆਉਂਦਾ। ਅੱਜ ਤਾਂ ਸੁਖ -ਦੁਖ ਵੀ ਸਾਂਝੇ ਨਹੀਂ ਰਹੇ ਸਗੋਂ ਆਪਣੇ-ਆਪਣੇ ਹੋ ਗਏ ਹਨ। ਲੋਕ ਏਨੇਂ ਕੁ ਸੰਵੇਦਨਾਹੀਣ ਹੋ ਗਏ ਹਨ ਕਿ ਪਿੰਡ, ਸ਼ਹਿਰ ਜਾਂ ਗਲੀ, ਮੁਹੱਲੇ ਵਿੱਚ ਬੰਦੇ ਮਰ ਜਾਵੇ ਤਾਂ ਉਹਦਾ ਕੁੱਤੇ ਦੇ ਮਰੇ ਜਿੰਨਾ ਸੋਗ ਵੀ ਨਹੀਂ ਮਨਾਉਂਦੇ। ਮੈਨੂੰ ਯਾਦ ਨੇ ਬਚਪਨ ਦੇ ਉਹ ਦਿਨ ਜਦੋਂ ਪਿੰਡ ਵਿੱਚ ਕੋਈ ਮਰਗ ਹੋ ਜਾਂਦੀ ਸੀ ਤਾਂ ਸਾਰੇ ਪਿੰਡ ਵਿੱਚ ਸੋਗ ਪੈ ਜਾਂਦਾ ਸੀ। ਮਰਗ ਵਾਲੇ ਘਰ ਚੁੱਲ੍ਹੇ ਅੱਗ ਨਹੀਂ ਸੀ ਪੈਂਦੀ, ਕਈ-ਕਈ ਦਿਨ ਦੁਕਾਨਾਂ ਬੰਦ ਰਹਿੰਦੀਆਂ ਸਨ ਤੇ ਘਰਾਂ ਵਿੱਚ ਟੈਲੀਵਿਜ਼ਨ ਨਹੀਂ ਸਨ ਚਲਦੇ, ਟੇਪਾਂ ਵੀ ਨਹੀਂ ਵੱਜਦੀਆਂ ਸਨ। ਅੱਜ ਜਿੰਦਗੀ ਦੇ 27 ਵੇਂ ਵਰੇ ਵਿੱਚ ਜਦੋਂ ਪਿੱੱਛੇ ਪਰਤ ਕੇ ਵੇਖਦਾ ਹਾਂ ਤਾਂ ਦਿਲ ਘਟਦੈ, ਕੀ ਦਾ ਕੀ ਹੋ ਗਿਆ? ਕਿੱਥੇ ਗਿਆ ਉਹ ਸਮਾਜ? ਕਿੱਥੇ ਗਏ ਉਹ ਲੋਕ ਤੇ ਕਿੱਥੇ ਗਿਆ ਰਿਸ਼ਤਿਆਂ ਦਾ ਉਹ ਨਿੱਘ ਜੋ ਆਪਣੇ ਆਪ ਵਿੱਚ ਜਿਊਂਦੀ ਜਾਗਦੀ ਜਿੰਦਗੀ ਸੀ। ਸ਼ਾਇਦ, ਨਹੀਂ ਯਕੀਨਨ, ਨਿਗਲ ਗਿਆ ਉਸਨੂੰ ਮਨਮੋਹਨ ਸਿੰਘ ਦਾ ਅਰਥਿਕ ਉਦਾਰਵਾਦ! ਜਿਹੜਾ ਕਿ ਹੁਣ ਤੱਕ ਬਜ਼ਾਰਵਾਦ ਅਤੇ ਬਹੁਕੌਮੀ ਕੰਪਨੀਆਂ ਦੀ ਨਾਜ਼ਾਇਜ਼ ਔਲਾਦ ਹੀ ਸਾਬਿਤ ਹੋਇਆ ਹੈ। ਜਿਹਦੇ ਤਹਿਤ ਆਮ ਲੋਕਾਂ ਦੀ ਕੀਮਤ 'ਤੇ ਸਰਮਾਏਦਾਰ ਕੁਨਬਿਆਂ ਦੀ ਹਰਾਮ ਦੀ ਪੂੰਜ਼ੀ ਨੂੰ ਹੋਰ ਵਧਾਉਣ ਲਈ ਨਿੱਤ ਨਵੀਆਂ ਲੂੰਬੜ ਚਾਲਾਂ ਘੜੀਆਂ ਅਤੇ ਚੱਲੀਆਂ ਜਾਂਦੀਆਂ ਹਨ। ਅਸੀਂ ਸਭ ਗਵਾਹ ਹੀ ਨਹੀਂ ਸ਼ਿਕਾਰ ਵੀ ਹਾਂ ਇਸ ਭੈੜੇ ਵਰਤਾਰੇ ਦੇ। ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਖੋਖਲੇ ਕਰਨ ਲਈ ਕੰਪਨੀਆਂ ਹਰ ਹਰਬਾ ਵਰਤ ਰਹੀਆਂ ਨੇ। ਫਿਰ ਚਾਹੇ ਉਹ ਫਿਲਮਾਂ ਦੇ ਰੂਪ ਵਿੱਚ ਹੋਵੇ, ਕ੍ਰਿਕਟ ਵਰਗੀਆਂ ਖੇਡਾਂ ਦੇ ਰੂਪ ਵਿੱਚ ਹੋਵੇ ਤੇ ਜਾਂ ਫਿਰ ਪ੍ਰਿੰਟ ਅਤੇ ਬਿਜਲÂਂੀ ਮੀਡੀਆ ਰਾਹੀਂ ਕੀਤੀ ਜਾਂਦੀ ਫੂਹੜ ਇਸ਼ਤਿਹਾਰਬਾਜ਼ੀ ਦੇ ਰੂਪ 'ਚ ਹੋਵੇ। ਜਿਹਦਾ ਅਸਰ ਸਾਡੇ ਖਾਣ-ਪਾਣ , ਪਹਿਨਾਵੇ ਅਤੇ ਰਹਿਣ-ਸਹਿਣ ਉੱਤੇ ਸਾਫ ਨਜ਼ਰ ਆਉਂਦਾ ਹੈ। ਅੱਜ ਸਾਡੀ ਖੁਰਾਕ ਵਿੱਚੋ ਰੋਟੀ-ਸਬਜ਼ੀ ਦੀ ਥਾਂ ਬਰਗਰ, ਪੀਜ਼ੇ ਸ਼ਾਮਿਲ ਹੁੰਦੇ ਜਾ ਰਹੇ ਹਨ ਤੇ ਅਸੀਂ ਚਾਹ ਕੇ ਵੀ ਇਸ ਵਰਤਾਰੇ ਨੂੰ ਠੱਲ ਪਾਉਣ ਤੋਂ ਆਹਰੀ ਹਾਂ।ਸੱਚ ਤਾਂ ਇਹ ਹੈ ਕਿ ਅਸੀਂ ਆਪਣੀ ਜੀਵਨ ਜਾਚ ਤੋਂ ਹੱਥ ਧੋ ਬੈਠੇ ਹਾਂ ਅਤੇ ਇਹ ਜੀਵਨ ਜਾਚ ਸੀ ਸਾਡੀ ਖੇਤੀ। ਜਿਹੜੀ ਕਿ ਇੱਕ ਕਿੱਤਾ ਹੀ ਨਹੀਂ ਸਗੋਂ ਅਮੀਰ ਸਭਿਆਚਾਰ ਸੀ। ਜੀਵਨ ਜਾਚ ਵਿਹੂਣੇ ਲੋਕ ਹਰ ਤਰ੍ਹਾਂ ਦੀ ਸੂਝ-ਬੂਝ ਅਤੇ ਕਿਰਦਾਰ ਦੀ ਸੁੱਚਤਾ ਤੋਂ ਵਾਂਝੇ ਹੁੰਦੇ ਹਨ। ਕੀ ਇਹ ਹੀ ਸਾਡਾ ਵੀ ਸੱਚ ਨਹੀਂ? ਹਰੀ ਕਰਾਂਤੀ ਦੇ ਨਾਂਅ 'ਤੇ ਸਾਡੀ ਖੇਤੀ ਵਿੱਚ ਜਿਹੜੇ ਬਦਲਾਅ ਲਿਆਂਦੇ ਗਏ ਉਹਨਾਂ ਦੇ ਨਾਲ ਹੀ ਸਾਡੀ ਖ਼ੁਰਾਕ, ਸਾਡੇ ਜੀਵਨ ਤੇ ਸਾਡੇ ਵਾਤਾਵਰਣ ਵਿੱਚ ਘੁਸਪੈਠ ਕਰ ਗਏ ਮਣਾਂ ਮੂੰਹੀ ਜ਼ਹਿਰ। ਜਿਹੜੇ ਕਿ ਸਾਡੀ ਸਮਾਜਿਕ ਭਾਈਚਾਰਕ ਸਾਂਝ ਦੀ ਟੁੱਟ-ਭੱਜ ਦੇ ਪਿੱਛੇ ਦਾ ਇੱਕ ਹੋਰ ਵੱਡਾ ਕਾਰਨ ਹਨ। ਜੈਸਾ ਖਾਓ ਅੰਨ ਵੈਸਾ ਹੋਏ ਮਨ ਵਾਲੀ ਅਖਾਣ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਵਿੱਗਿਆਨ ਵੀ ਇਸ ਤੱਥ ਪੁਸ਼ਟੀ ਕਰਦਾ ਹੈ ਕਿ ਸਾਡੀ ਖ਼ੁਰਾਕ ਦਾ ਸਾਡੇ ਸਰੀਰ ਦੇ ਨਾਲ-ਨਾਲ ਸਾਡੇ ਮਨ, ਸਾਡੀ ਸੋਚ ਅਤੇ ਸਾਡੇ ਵਿਚਾਰਾਂ ਉੱਤੇ ਜਬਰਦਸ਼ਤ ਪ੍ਰਭਾਵ ਰਹਿੰਦਾ ਹੈ। ਏਸੇ ਲਈ ਗੁਣੀ ਗਿਆਨੀ ਲੋਕ ਸਾਤਵਿਕ ਭੋਜਨ ਦੀ ਮਹਿਮਾ ਨੂੰ ਵਡਿਆਉਂਦੇ ਹਨ। ਜਿਹੜਾ ਕਿ ਮਨੁੱਖ ਨੂੰ ਸ਼ਾਂਤਚਿੱਤ, ਚੰਗੇ ਵਿਚਾਰਾਂ ਦਾ ਧਾਰਨੀ ਅਤੇ ਉੱਚੇ-ਸੁੱਚੇ ਕਿਰਦਾਰ ਦਾ ਮਾਲਿਕ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਅਫਸੋਸ! ਅੱਜ ਸਾਨੂੰ ਸਾਤਵਿਕ ਤਾਂ ਦੂਰ ਸ਼ੁੱਧ ਭੋਜਨ ਵੀ ਉਪਲਭਧ ਨਹੀਂ। ਅਸੀਂ ਤਰ੍ਹਾਂ-ਤਰ੍ਹਾਂ ਦੇ ਜ਼ਹਿਰਾਂ ਨਾਲ ਭਰਪੂਰ ਭੋਜ਼ਨ ਖਾਣ ਲਈ ਮਜ਼ਬੂਰ, ਨਹੀਂ! ਸ਼ਾਇਦ ਇਸਦੇ ਸ਼ੁਕੀਨ ਹਾਂ। ਬਜ਼ਾਰ ਦੇ ਨਾਲ-ਨਾਲ ਸਾਡੇ ਚੌਗਿਰਦੇ 'ਚ ਵੀ ਉਪਲਭਧ ਸਾਰੀਆਂ ਖ਼ੁਰਾਕੀ ਵਸਤਾਂ ਦੁੱਧ, ਅੰਨ, ਦਾਲਾਂ, ਸਬਜ਼ੀਆ ਤੇ ਫਲ ਆਦਿ ਸਭ ਜ਼ਹਿਰ ਹੀ ਤਾਂ ਹਨ। ਤਿਨੋਂ ਡੰਗ ਜ਼ਹਿਰ ਖਾਣ ਵਾਲਿਆਂ ਦੇ ਮਨਾਂ ਅਤੇ ਸਰੀਰਾਂ ਵਿੱਚ ਜ਼ਹਿਰ ਹੀ ਤਾਂ ਮਿਲੇਗਾ/ਭਰੇਗਾ?! ਨਤੀਜਾ ਸਭ ਦੇ ਸਾਹਮਣੇ ਹੈ: ਸਾਡਾ ਹੱਸਦਾ- ਗਾਉਂਦਾ ਪੰਜਾਬ ਵੱਡੇ ਪੱਧਰ 'ਤੇ ਕੈਂਸਰ, ਸ਼ੂਗਰ, ਬਾਂਝਪਨ, ਨਾਮਰਦਗੀ ਵਰਗੇ ਨਾਮੁਰਾਦ ਰੋਗਾਂ ਦਾ ਸ਼ਿਕਾਰ ਹੋ ਗਿਆ ਹੈ। ਹੋਣੀ, ਨਹੀਂ ਅਣਹੋਣੀ ਦਾ ਕਹਿਰ ਤਾਂ ਦੋਖੋ: ਅੱਜ ਵੱਡੀ ਗਿਣਤੀ ਵਿੱਚ ਪੰਜਾਬ ਦੀਆਂ ਇਸਤਰੀਆਂ ਆਪਣੀ ਕੁੱਖ ਵਿੱਚ 9 ਮਹੀਨੇ ਤੱਕ ਇੱਕ ਜਿੰਦਗੀ ਸੰਭਾਲਣ ਦੇ ਵੀ ਯੋਗ ਨਹੀਂ ਰਹਿ ਗਈਆਂ। ਇਸ ਗੱਲ ਦੀ ਯਕੀਨਦਰਾਨੀ ਵਾਸਤੇ ਇੱਕ-ਇੱਕ ਸ਼ਹਿਰ ਵਿੱਚ ਖੁੱਲੇ ਹੋਏ 10-0, 20-20 ਮੈਟਰਨਿਟੀ ਹੋਮਜ਼ ਅਤੇ ਬੱਚਿਆਂ ਦੇ ਹਸਪਤਾਲਾਂ ਦਾ ਇੱਕ ਚੱਕਰ ਮਾਰਨਾ ਹੀ ਕਾਫੀ ਰਹੇਗਾ ਰਿਕਾਰਡ ਬੁਕਜ਼ ਨਾਲ ਮੱਥਾ ਪੱਚੀ ਕਰਨ ਦੀ ਵੀ ਲੋੜ ਨਹੀਂ। ਸਤਮਾਹੇ, ਅਠਮਾਹੇ ਤੇ ਇੱਥੋਂ ਤੱਕ ਕਿ ਛਿਮਾਹੇ ਬੱਚਿਆਂ ਨਾਲ ਭਰੇ ਹੋਏ ਦਰਜ਼ਨਾ ਇਨਕੁਬੇਟਰ ਤੁਹਾਡੇ ਲੂੰ ਕੰਡੇ ਖੜੇ ਕਰ ਦੇਣਗੇ।ਤੇ ਹੁਣ ਇੱਕ ਆਮ ਗੱਲ ਜਿਸਤੋਂ ਅਸੀਂ ਸਭ ਅਸੀਂ ਸਭ ਚੰਗੀ ਤਰ੍ਹਾਂ ਵਾਕਿਫ਼ ਹਾਂ ਪਰ ਜਿਹਦਾ ਸਾਡੀ ਸਿਹਤ ਕੋਈ ਅਸਰ ਨਹੀਂ! ਉਹ ਹੈ ਸਾਡੇ ਬੱਚਿਆਂ ਦੇ ਘਟਦੇ ਹੋਏ ਕੱਦ ਅਤੇ ਕਮਜੋਰ ਪੈਂਦੇ ਹੋਏ ਜੁੱਸੇ। ਉਹ ਕੌਮ ਜਿਹਦੀ ਉੱਚੀ ਲੰਮੀਂ ਕੱਦ ਕਾਠੀ ਤੇ ਫੌਲਾਦੀ ਜੁੱਸੇ ਦੀ ਮਹਿਮਾ ਵਿੱਚ ਹਜ਼ਾਰਾਂ ਗੀਤਾਂ ਅਤੇ ਲੋਕ ਗੀਤਾਂ ਦਾ ਜਨਮ ਹੋਇਆ ਅੱਜ ਇਸ ਪੱਖੋਂ ਵੀ ਸਾਹ-ਸਤਹੀਣ ਹੋਈ ਫਿਰਦੀ ਹੈ। ਆਪਣੇ ਆਲੇ-ਦੁਆਲੇ ਦੇਖੋ 100 ਵਿੱਚੋਂ 75 ਕੁੜੀਆਂ ਦਾ ਕੱਦ ਸਾਢੇ ਚਾਰ ਫੁੱਟ ਤੋਂ ਪੰਜ 3 ਇੰਚ ਦੇ ਵਿਚਕਾਰ ਮਿਲੇਗਾ। 100ਵਿੱਚੋਂ ਲਗਭਗ 40-45 ਮੁੰਡੇ ਹੀ ਸਾਢੇ ਪੰਜ ਫੁੱਟ ਜਾਂ ਇਸਤੋਂ ਵੱਡੇ ਕੱਦ ਮਾਲਿਕ ਮਿਲਣਗੇ। ਸਰੀਰਕ ਸੁਡੌਲਤਾ ਦੇ ਪੈਮਾਨੇ ਤੋਂ ਵੀ ਅਸੀਂ ਬਹੁਤ ਪਿਛੜ ਗਏ ਹਾਂ। ਨਤੀਜੇ ਵਜੋਂ ਫ਼ੌਜ ਵਿੱਚ ਭਰਤੀ ਸਮੇਂ ਪੰਜਾਬੀਆਂ ਦੇ ਹਿੱਸੇ ਦਾ ਕੋਟਾ ਗਵਾਂਢੀ ਰਾਜਾਂ ਤੋਂ ਪੂਰਾ ਕਰਨਾ ਪੈਂਦਾ ਹੈ।ਜਰਾ ਰੁਕੋ ਅਤੇ ਸੋਚੋ! ਆਖਿਰ ਅਸੀਂ ਜਾ ਕਿੱਧਰ ਰਹੇ ਹਾਂ ? ਸਿਹਤਾਂ, ਸੱਭਿਆਚਾਰ, ਵਾਤਾਵਰਣ ਤੇ ਸਭ ਤੋਂ ਵੱਡੀ ਗੱਲ ਚਰਿੱਤਰ ਪੱਖੋਂ। ਐਸੀ ਕੀ ਕਾਹਲੀ ਹੈ ਸਮੂਹਿਕ ਤਬਾਹੀ ਦੀ? ਹਾਂ! ਅਖੌਤੀ ਵਿਕਾਸ ਦਾ ਇਹ ਰਸਤਾ ਜਿਹੜਾ ਅਸੀਂ ਚੁਣਿਆ ਹੈ ਜਾਂ ਜਿਸਨੂੰ ਸਾਡੀ ਮੌਨ ਸਹਿਮਤੀ ਹਾਸਿਲ ਹੈ, ਸਾਨੂੰ ਸਮੂਹਿਕ ਤਬਾਹੀ ਵੱਲ ਹੀ ਲੈ ਜਾ ਰਿਹਾ ਹੈ। ਆਪਣੇ ਸਮਾਜ, ਸੋਚ ਅਤੇ ਆਪਣੀ ਜੀਵਨ ਜਾਚ ਦਾ ਬੇਰੋਕ, ਬੇਲੋੜਾ ਤੇ ਬੇਲੱਜ ਪੱਛਮੀਕਰਨ ਕਿਉਂ? ਉਹ ਵੀ ਏਡੀ ਵੱਡੀ ਕੀਮਤ 'ਤੇ!

Sunday, July 12, 2009

The Bt. Blunder: agents on their way
So finally they have made a firm decision on their side to stand in favor of multinationals. They are extremely excited to bring G.M. foods in our platter within no time. Even they are there in power to serve the nation, to save the nation ,to protect the nature and all of its creations/resources. I am talking about the corrupt politicians of our Nation. Let us think seriously for whom they are working? And should it be continuous? No, never. At no cost. We can't permit someone to play with our lives, to spoil the nature and its biodiversity just because of the pure selfish interests of the multinationals and their local agents.
Monsanto is firmly willing to launch its Bt. brinjal here in India and why don’t the corporate giant think so. When the company has a great indirect support of Indian Government through GEAC (Genetic Engineering Approval Committee) then it will be the biggest silly mistake of the giant to withdraw its idea of launching Bt. brinjal in the country. The committee has already given approval to Bt. Brinjal to be launched in the Indian market by totally ignoring the results of bio- safety test reports of Bt. brinjal .These results totally stand against the particular type of vegetable. What a shameless job they have done.
We the people of independent India can never allow any GEAC or Government to make a decision about what we have to eat. It will always be decided by the individual only what he has to eat. No one can force someone to eat something that he doesn’t wish. But Monsanto want to spoil our right to eat and live in our own way. What a silly joke it is!
Here in this country, a larger number of people are totally ingorant about G.M. or Bt. Food/crops and its further impacts on their soil, health and environment. How the government does allow any multinationals to use our native land as a place for experiments of any suspected technologies. But it is true that through GEAC the government has already allowed them to use our motherland as a laboratory for testing G.M. food and crops. This is definitely a serious crime against the decent Indians and also against the Mother Nature. Are we all the Ginny Pigs?
See another tail of joke- The chairperson of GEAC individually is the owner of a genetic engineering company. Perhaps that’s the reason that GEAC never showed interest that the bio safety tests of Bt Crops take place in real and through a proper channel in India . Committee always believes on data, provided by the manufacturer, with closed eyes. And the blunder is, Monsanto has never done any bio safety test of Bt. crops in India and always gave the copies of American bio safety tests to GEAC. On the basis of that data, GEAC had given approval to the crops like Bt. cotton and Bt. Brinjal too. This is completely unbearable, unacceptable and unwanted too.
In a country like America where the whole agriculture practices are fully mechanized. Cattle never graze in open fields. Farming is not labor intensive. How can a committee like GEAC give approval to the G.E. Companies to launch their products here in a totally different country than America on the basis of their own bio safety test’s data, mostly based on the false facts and big lies too.