Search This Blog

Sunday, January 10, 2010

ਨਿਹਚਾ ਖੁਣੋਂ ਸੱਖਣੀ ਖੇਤੀ ਤੇ ਦਰਦ ਹੰਡਾਉਂਦੇ ਖੇਤ...
ਕਿੱਤੇ ਪ੍ਰਤੀ ਉਦਾਸੀਨਤਾ ਅਤੇ ਲਾਪਰਵਾਹ ਵਤੀਰਾ, ਆਲਸੀ ਮਾਨਸਿਕਤਾ ਦਾ ਪ੍ਰਤੀਕ ਹੈ। ਅਜਿਹੀ ਮਨੋਦਸ਼ਾ ਦਾ ਮਨੁੱਖ ਨਾ ਤਾਂ ਆਪਣਾ ਹੀ ਭਲਾ ਬੁਰਾ ਸੋਚਣ ਦੀ ਸੋਝੀ ਰੱਖਦਾ ਹੈ ਤੇ ਨਾ ਹੀ ਦੂਸਰਿਆਂ ਦਾ। ਉਹ ਸਮਾਜ ਵਿੱਚ ਆਤਮ ਵਿਸ਼ਵਾਸ਼ ਤੋਂ ਸੱਖਣੇ ਤੇ ਬੇਹੱਦ ਗੈਰ ਜਿੰਮੇਦਾਰ ਪਾਤਰ ਦੇ ਤੌਰ 'ਤੇ ਵਿਚਰਦਾ ਹੈ। ਇੱਕ ਅਜਿਹਾ ਸ਼ਖ਼ਸ਼ ਜਿਸਤੋਂ ਕਿਸੇ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਜੋ ਜਾਣੇ-ਅਣਜਾਣੇ ਸਮੁੱਚੇ ਜੀਵਨ ਲਈ ਨਿਰੰਤਰ ਖ਼ਤਰੇ ਸਹੇੜਦਾ ਰਹਿੰਦਾ ਹੈ। ਅਜਿਹੇ ਖ਼ਤਰੇ ਜਿਹਨਾਂ ਦੀ ਖ਼ਾਮੋਸ਼ ਆਮਦ ਕੁਦਰਤ ਨੂੰ ਬਰਦਾਸ਼ਤ ਨਹੀਂ ਹੁੰਦੀ ਤੇ ਜਿਹਨਾਂ ਕਾਰਨ ਮਨੁੱਖਤਾ ਦੇ ਸੀਨੇ ਤੇ ਕਦੇ ਨਾ ਭਰਨ ਵਾਲੇ ਸੱਲ ਹੋ ਜਾਂਦੇ ਹਨ।
ਤੁਸੀਂ ਸੋਚਦੇ ਹੋਵੋਂਗੇ ਇਹਨਾਂ ਸਭ ਗੱਲਾਂ ਦਾ ਖੇਤੀ ਨਾਲ ਕੀ ਮੇਲ? ਮੇਲ, ਹੈ! ਅੱਜ ਸਾਡਾ ਕਿਸਾਨ ਏਸੇ ਮਾਨਸਿਕਤਾ ਦਾ ਸ਼ਿਕਾਰ ਹੈ। ਖੇਤੀ ਉਸ ਵਾਸਤੇ, ਕਿੱਤੇ ਦੇ ਰੂਪ ਵਿੱਚ ਇੱਕ ਅਜਿਹਾ ਜੂਲਾ ਹੈ, ਜਿਸਨੂੰ ਉਹ ਚਾਹ ਕੇ ਵੀ ਗਲੋਂ ਨਹੀਂ ਲਾਹ ਸਕਦਾ। ਅਜਿਹੇ ਹਾਲਾਤ ਵਿੱਚ ਕਿਸਾਨ ਦੇ ਮਨ 'ਚ ਖੇਤੇ ਪ੍ਰਤੀ ਨਿਹਚਾ ਦਾ ਸਵਾਲ ਤਾਂ ਉੱਕਾ ਹੀ ਪੈਦਾ ਨਹੀਂ ਹੁੰਦਾ! ਖੇਤੀ ਉਸਨੂੰ ਘਾਟੇ ਦਾ ਸੌਦਾ ਪ੍ਰਤੀਤ ਹੁੰਦੀ ਹੈ। ਏਸੇ ਕਾਰਨ ਉਹ ਖੇਤੀ ਪੱਖੋਂ ਲਗਾਤਾਰ ਉਦਾਸੀਨ ਹੁੰਦਾ ਜਾ ਰਿਹਾ ਹੈ। ਇਹ ਉਦਾਸੀਨਤਾ ਹੀ ਅੱਗੇ ਚੱਲ ਕੇ ਲਾਪਰਵਾਹੀ ਦਾ ਰੂਪ ਧਾਰਨ ਕਰਦੀ ਲੈਂਦੀ ਹੈ। ਹਾਂ, ਅੱਜ ਸਾਡਾ ਕਿਸਾਨ ਸਚਮੁੱਚ ਲਾਪਰਵਾਹ ਹੋ ਗਿਆ ਹੈ! ਲਾਪਰਵਾਹ ਵੀ ਏਨਾਂ ਕਿ ਉਹਦੇ ਲਈ ਖੇਤੀ ਕੋਈ ਓਪਰੀ ਸ਼ੈਅ ਹੋ ਗਈ ਜਾਪਦੀ ਹੈ। ਉਹ ਹਰ ਹੀਲੇ ਇਸ ਤੋਂ ਪੱਲਾ ਛੁਡਾਉਣਾ ਚੰਹੁਦਾ ਹੈ। ਨਹੀਂ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ? ਕਿ ਜਿਹਨਾਂ ਖੇਤਾਂ ਦਾ ਉਹ ਮਾਲਿਕ ਹੈ, ਉਹਨਾਂ ਖੇਤਾਂ ਦੀ ਦੇਖ-ਰੇਖ ਲਈ ਵੀ ਉਹਦੇ ਕੋਲ ਸਮਾਂ ਨਹੀਂ ਹੈ। ਖੇਤ, ਖੇਤੀ ਅਤੇ ਖੇਤੀ ਨਾਲ ਜੁੜੇ ਕੰਮ ਉਹਦੇ ਲਈ ਪਹਿਲ ਦੇ ਆਧਾਰ 'ਤੇ ਮਹੱਤਵ ਨਹੀਂ ਰਖਦੇ। ਕਿਸੇ ਵੀ ਤੁਛ ਤੋਂ ਤੁਛ ਕੰਮ ਦੇ ਬਹਾਨੇ ਉਹ ਖੇਤੀ ਦੇ ਕੰਮਾਂ ਨੂੰ ਲਮਕਾਉਣ ਲੱਗਿਆ ਜਰਾ ਵੀ ਦੇਰ ਨਹੀ ਲਾਉਂਦਾ। ਮੈਂ ਅੱਜ ਤੱਕ ਕੋਈ ਅਜਿਹਾ ਵਪਾਰੀ ਜਾਂ ਦੁਕਾਨਦਾਰ ਨਹੀਂ ਦੇਖਿਆ ਜਿਹੜਾ ਆਪਣੇ ਕਿੱਤੇ ਦੀ ਕੀਮਤ 'ਤੇ ਕਿਸੇ ਹੋਰ ਕੰਮ ਨੂੰ ਹੱਥ ਪਾਉਦਾ ਹੋਵੇ। ਇਕੱਲਾ ਕਿਸਾਨ ਹੀ ਇਹ ਨਾ-ਅਹਿਲ ਖਾਸੀਅਤ ਰੱਖਦਾ ਹੈ। ਹੁਣ ਉਸਨੂੰ ਵਿਹਲੇ ਰਹਿਣਾ ਚੰਗਾ ਲੱਗਦਾ ਹੈ। ਘੰਟਿਆਂਬੱਧੀ ਤਾਸ਼ ਖੇਡਣਾਂ ਉਸਦੀਆਂ ਆਦਤਾਂ 'ਚ ਸ਼ੁਮਾਰ ਹੋ ਗਿਆ ਹੈ। ਸਰੇ ਬਜ਼ਾਰ ਰੇਹੜੀ ਤੋਂ ਸਬਜ਼ੀ ਖਰੀਦਿਆਂ ਉਸਦੇ ਮੋਢੇ ਨਹੀਂ ਝੁਕਦੇ, ਅੱਖਾਂ ਧਰਤੀ 'ਚ ਨਹੀਂ ਗੱਡੀਦੀਆਂ।
ਲਾਈਲੱਗ ਏਡਾ! ਕਿ ਜਿਹੜਾ ਰਸਾਇਣਕ ਖਾਦ ਜਾਂ ਕੀੜੇਮਾਰ ਜ਼ਹਿਰਫ਼ਰੋਸ਼ ਖੇਤੀ ਦਾ ਊੜਾ-ਐੜਾ ਵੀ ਨਹੀਂ ਜਾਣਦਾ ਉਹਦੇ ਕਹਿਣ 'ਤੇ ਉਹ, ਕੁੱਝ ਵੀ ਅੱਗ-ਸਵਾਹ ਆਪਣੇ ਖੇਤ ਵਿੱਚ ਆਪਣੀ ਫਸਲ 'ਤੇ ਲਿਆ ਸੁੱਟਦਾ ਹੈ। ਫਿਰ ਨਤੀਜ਼ਾ ਚਾਹੇ ਜੋ ਵੀ ਹੋਵੇ। ਅਸੀਂ ਨਿਰੰਤਰ ਦੇਖ ਰਹੇ ਹਾਂ ਤੇ ਕਿਸਾਨ ਵੀ ਇਸ ਗੱਲ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਹੈ ਕਿ ਖੇਤੀ ਵਿੱਚ ਅੰਨ੍ਹੋਵਾਹ ਵਰਤੇ ਜਾ ਰਹੇ ਕੀੜੇਮਾਰ ਜਹਿਰਾਂ ਤੇ ਰਸਾਇਣਕ ਖਾਦਾਂ ਕਾਰਨ ਲੋਕ ਵੱਡੇ ਪੱਧਰ 'ਤੇ ਕੈਂਸਰ ਦੇ ਨਾਲ-ਨਾਲ ਪ੍ਰਜਨਣ ਸਿਹਤ ਸਬੰਧੀ ਵੀ ਨਾਮੁਰਾਦ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ। ਏਥੋਂ ਤੱਕ ਕਿ ਰਸਾਇਣਕ ਢੰਗਾਂ ਨਾਲ ਉਗਾਈਆਂ ਜਾ ਰਹੀਆਂ ਫਸਲਾਂ ਦੇ ਝਾੜ ਵਿੱਚ ਵੀ ਜਾਂ ਤਾਂ ਖੜੋਤ ਆ ਚੁੱਕੀ ਹੈ ਤੇ ਜਾਂ ਉਹ ਘਟਦੇ ਕ੍ਰਮ ਵੱਲ ਚੱਲ ਪਏ ਹਨ। ਦੂਜੇ ਸ਼ਬਦਾਂ 'ਚ ਧਰਤੀ ਦੀ ਉਪਜਾਉ ਸ਼ਕਤੀ ਲਗਾਤਾਰ ਘਟ ਰਹੀ ਹੈ। ਇਹਨਾਂ ਗੱਲਾਂ ਦੇ ਰੌਸ਼ਨੀ ਵਿੱਚ ਜਦੋਂ ਕਿਸਾਨਾਂ ਨਾਲ, ਉਹਨਾਂ ਨੂੰ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦਾ ਵਾਸਤਾ ਦੇ ਕੇ ਵੀ ਗੱਲ ਕਰਦੇ ਹਾਂ ਤਾਂ ਬਹੁ ਗਿਣਤੀ ਕਿਸਾਨਾਂ ਦਾ ਜਵਾਬ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੈ! ਜਵਾਬ ਹੁੰਦੈ...'ਉਹਨਾਂ ਦੀ ਉਹਨਾਂ ਨਾਲ ਵੇਖੀ ਜਾਊ ਅਸੀਂ ਤਾਂ ਆਪਣਾ ਫਾਇਦਾ ਦੇਖਣੈ!' ਪਤਾ ਨਹੀਂ ਕਿਸ ਫਾਇਦੇ ਦੀ ਗੱਲ ਕਰਦੇ ਹਨ, ਉਹ ਵੀ ਏਡੀ ਵੱਡੀ ਕੀਮਤ 'ਤੇ! ਪੁੱਛੀਦੈ ਮਨਾਂ! ਇਹੋ ਜਿਹਾ ਕਿਹੜਾ ਫਾਇਦਾ ਏ ਜਿਹਦੇ ਲਈ ਦੇਸ ਦਾ ਅੰਨ੍ਹਦਾਤਾ ਆਪਣੇ ਪੁੱਤ-ਪੋਤਰਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਲੱਗਿਆ ਵੀ ਨਹੀਂ ਹਿਚਕਦਾ।
ਇਹ ਕਿਸਾਨ ਦੀ ਲਾਪਰਵਾਹੀ ਦਾ ਚਰਮ ਹੈ ਤੇ ਲਾਪਰਵਾਹੀ ਦੇ ਏਸੇ ਰੂਪ ਤੋਂ ਉਪਜਦੀ ਹੈ ਆਲਸੀ ਮਾਨਸਿਕਤਾ। ਜਿਹਦੀਆਂ ਜੜਾਂ ਅੱੱਜ ਤੋਂ 40-45 ਸਾਲ ਪਹਿਲਾਂ ਜਨਮੇਂ ਖੇਤੀ ਦੇ ਅਜੋਕੇ ਸੰਸਕਰਣ ਵਿੱਚ ਨਿਹਿੱਤ ਹਨ। ਜਿਹਦੇ ਤਹਿਤ ਖੇਤੀ, ਸੱਭਿਅਤਾ ਦਾ ਇੱਕ ਅੰਗ ਨਹੀਂ ਸਗੋਂ ਇੱਕ ਕਿੱੱਤਾ ਮਾਤਰ ਬਣ ਕੇ ਰਹਿ ਗਈ ਹੈ। ਕਿੱਤਾ ਵੀ ਅਜਿਹਾ ਜਿਹਦੇ ਵਿੱਚ ਘਾਟੇ ਦਾ ਸ਼ਿਕਾਰ ਹਰ ਵਾਰ ਤੇ ਲਗਾਤਾਰ ਕਿਸਾਨ ਹੀ ਹੁੰਦਾ ਆ ਰਿਹਾ ਹੈ। ਅੱਜ ਕੰਪਨੀਆਂ ਦੀ ਅੰਨ੍ਹੀ ਲੁੱਟ ਦਾ ਸ਼ਿਕਾਰ ਤੇ ਸਰਕਾਰਾਂ ਦੇ ਰਹਿਮੋਕਰਮ ਦਾ ਮੁਥਾਜ ਹੋਇਆ ਦੇਸ ਅਤੇ ਸਮਾਜ ਦੀ ਰੀੜ੍ਹ ਸਾਡਾ ਅੰਨਦਾਤਾ ਬੌਖਲਾ ਗਿਆ ਹੈ। ਇਸ ਬੌਖਲਾਹਟ 'ਚ ਉਸਨੂੰ ਕੁੱਝ ਨਹੀਂ ਸੁੱਝ ਰਿਹਾ ਤੇ ਓਹੋ, ਉਹ ਸਭ ਕੁੱਝ ਕਰ ਰਿਹਾ ਹੈ ਜੋ ਉਸਨੂੰ ਨਹੀਂ ਕਰਨਾ ਚਾਹੀਦਾ। ਖੇਤੀ ਵਿੱਚ ਉਸਦੀ ਨਿਹਚਾ ਖਤਮ ਹੋ ਚੁੱਕੀ ਹੈ ਨਤੀਜ਼ਤਨ, ਸਾਡੇ ਨਾਲ-ਨਾਲ ਖੇਤ ਵੀ ਦਰਦ ਹੰਢਾਉਣ ਲਈ ਮਜ਼ਬੂਰ ਹਨ।

No comments: