Search This Blog

Monday, January 4, 2010

ਅਖੌਤੀ ਵਿਕਾਸ ਲੀਲਾ ਦਾ ਕਰੂਪ ਚਿਹਰਾ
ਲੋਕ ਮਨਾਂ 'ਚੋਂ ਗਾਇਬ ਹੁੰਦੀ ਸੰਵੇਦਨਾ, ਪਰਸਪਰ ਮੋਹ ਤੇ ਭਾਈਚਾਰਕ ਸਾਂਝ ਦਾ ਦੁਖਾਂਤ ਆਪਣੇ ਚਰਮ 'ਤੇ ਹੈ। ਅੱਜ ਹਰ ਕੋਈ ਆਪਣੀ-ਆਪਣੀ ਡਫਲੀ ਤੇ ਆਪਣਾ-ਆਪਣਾ ਰਾਗ ਵਾਲੀ ਅਖਾਣ ਨੂੰ ਅਮਲੀ ਜਾਮਾ ਪਹਿਨਾਉਂਦਾ ਪ੍ਰਤੀਤ ਹੁੰਦਾ ਹੈ। ਇੱਕ ਹੀ ਜਾਤ( ਮਾਨਸ ਕੀ ਜਾਤ) ਤੇ ਇੱਕ ਹੀ ਸਮਾਜ ਦਾ ਅੰਗ ਹੋਣ ਦੇ ਬਾਵਜ਼ੂਦ ਹਰ ਮਨੁੱਖ ਇੱਕ-ਦੂਜੇ ਤੋਂ ਦੂਰ-ਦੂਰ ਵਿਚਰਦਾ ਹੈ। ਪੈਸੇ ਦੀ ਗਲਵੱਢ ਦੌੜ 'ਚ ਸ਼ਮਿਲ ਲੋਕ ਕਿਸੇ ਵੀ ਕੀਮਤ 'ਤੇ ਇੱਕ ਦੂਜੇ ਤੋਂ ਅੱਗੇ ਨਿਕਲ ਜਾਣਾ ਲੋਚਦੇ ਹਨ। ਇਹ ਲੋਚਾ ਇੱਥੋਂ ਤੱਕ ਆ ਪਹੁੰਚੀ ਹੈ ਕਿ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਵੀ 20-22 ਸਾਲ ਦੀਆਂ ਬਾਲੜੀਆਂ ਨੂੰ 40-40 ਸਾਲਾਂ ਅਧੇੜ ਵਿਅਕਤੀਆਂ ਦੇ ਲੜ ਲਾ ਕਨੇਡਾ ਅਮਰੀਕਾ ਭੇਜ ਕੇ ਧੀਆਂ ਦਾ ਮੁੱਲ ਵੱਟਣ ਲੱਗ ਪਏ ਹਨ। ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਚੰਗਾ ਸੀ ਪਰ ਇਹ ਕੀ? ਨਿਰਲੱਜਤਾ ਦਾ ਬਿਲਕੁਲ ਨਵਾਂ ਰੂਪ ਦੇਖੋ! : “ਆਈਲੈਟਸ ਮੁੰਡੇ ਲਈ ਆਈਲੈਟਸ ਕੀਤੀ ਕੁੜੀ ਵਾਲੇ ਕੱਚਾ-ਪੱਕਾ ਵਿਆਹ ਕਰਕੇ ਸਟਡੀ ਬੇਸ 'ਤੇ ਆਸਟਰੇਲੀਆ ਭੇਜਣ ਲਈ ਸੰਪਰਕ ਕਰਨ ।” ਏਦਾਂ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਆਮ ਹੋ ਗਏ ਹਨ ਤੇ ਹੁੰਗਾਰਾ ਵੀ ਬੜਾ ਭਰਵਾਂ ਮਿਲ ਰਿਹਾ ਹੈ। ਨਿਰਲੱਜਤਾ ਦੀ ਇਸਤੋਂ ਵੱਡੀ ਕੋਈ ਮਿਸਾਲ ਹੋਰ ਕੀ ਹੋ ਸਕਦੀ ਹੈ ? ਅਣਖਾਂ ਲਈ ਮਰ ਮਿਟਣ ਵਾਲੇ ਲੋਕ ਅਣਖਾਂ ਮੁੱਲ ਵੇਚਣ ਲੱਗ ਪਏ ਹਨ। ਚਾਂਦੀ ਦੇ ਛਿਲੜਾਂ ਖਾਤਰ ਧੀਆਂ ਵੇਚਣ ਦਾ ਨਵਾਂ ਧੰਦਾ ਸ਼ੁਰੂ ਕਰ ਲਿਆ ਹੈ। ਇਸ ਹਮਾਮ ਵਿੱਚ ਸਭ ਨੰਗੇ ਹਨ ਬਿਨਾਂ ਕਿਸੇ ਜਾਤ ਧਰਮ ਜਾਂ ਵਰਗ ਦਾ ਭੇਦ ਕੀਤਿਆਂ। ਕਿਰਦਾਰ ਦੀ ਗਿਰਾਵਟ ਦੇ ਇਸ ਬੇਹੱਦ ਖ਼ਤਰਨਾਕ ਰੁਝਾਨ ਨੂੰ ਬੀਤੇ 17-18 ਸਾਲਾਂ ਦੌਰਾਨ ਹੋਈ ਦੇਸ ਦੀ ਅਖੌਤੀ ਆਰਥਿਕ ਉੱਨਤੀ ਦਾ ਹੀ ਨਤੀਜਾ ਕਿਹਾ ਜਾ ਸਕਦਾ ਹੈ। ਪੱਛਮੀ ਵਿਕਾਸ ਮਾਡਲ ਅਤੇ ਦੇਸੀ ਵਿਦੇਸੀ ਬਹੁਕੌਮੀ ਕੰਪਨੀਆਂ ਦੇ ਜੀ ਹਜ਼ੂਰੀਏ ਸਿਆਸਤਦਾਨਾਂ ਦੇ ਧੱਕੇ ਚੜ੍ਹੇ ਸਾਡੇ ਲੋਕ ਅੱਜ ਪੂਰੀ ਤਰ੍ਹਾਂ ਵਿਵੇਕਹੀਣ ਅਤੇ ਮੋਹ-ਤੇਹ ਤੋਂ ਸੱਖਣੇ ਹੋ ਗਏ ਹਨ। ਭਾਈਚਾਰਕ ਸਾਂਝ ਤਾਂ ਕਿਤੇ ਵੀ ਨਜ਼ਰੀਂ ਨਹੀਂ ਪੈਂਦੀ। ਸਮਾਜ ਵਿੱਚ ਨਿੱਜੀ ਮੁਫ਼ਾਦ ਏਨੇਂ ਭਾਰੀ ਹੋ ਗਏ ਹਨ ਕਿ ਲੋਕਾਂ ਨੂੰ ਨਿੱਜ ਤੋਂ ਅੱਗੇ ਕੁੱਝ ਨਜ਼ਰ ਹੀ ਨਹੀਂ ਆਉਂਦਾ। ਅੱਜ ਤਾਂ ਸੁਖ -ਦੁਖ ਵੀ ਸਾਂਝੇ ਨਹੀਂ ਰਹੇ ਸਗੋਂ ਆਪਣੇ-ਆਪਣੇ ਹੋ ਗਏ ਹਨ। ਲੋਕ ਏਨੇਂ ਕੁ ਸੰਵੇਦਨਾਹੀਣ ਹੋ ਗਏ ਹਨ ਕਿ ਪਿੰਡ, ਸ਼ਹਿਰ ਜਾਂ ਗਲੀ, ਮੁਹੱਲੇ ਵਿੱਚ ਬੰਦੇ ਮਰ ਜਾਵੇ ਤਾਂ ਉਹਦਾ ਕੁੱਤੇ ਦੇ ਮਰੇ ਜਿੰਨਾ ਸੋਗ ਵੀ ਨਹੀਂ ਮਨਾਉਂਦੇ। ਮੈਨੂੰ ਯਾਦ ਨੇ ਬਚਪਨ ਦੇ ਉਹ ਦਿਨ ਜਦੋਂ ਪਿੰਡ ਵਿੱਚ ਕੋਈ ਮਰਗ ਹੋ ਜਾਂਦੀ ਸੀ ਤਾਂ ਸਾਰੇ ਪਿੰਡ ਵਿੱਚ ਸੋਗ ਪੈ ਜਾਂਦਾ ਸੀ। ਮਰਗ ਵਾਲੇ ਘਰ ਚੁੱਲ੍ਹੇ ਅੱਗ ਨਹੀਂ ਸੀ ਪੈਂਦੀ, ਕਈ-ਕਈ ਦਿਨ ਦੁਕਾਨਾਂ ਬੰਦ ਰਹਿੰਦੀਆਂ ਸਨ ਤੇ ਘਰਾਂ ਵਿੱਚ ਟੈਲੀਵਿਜ਼ਨ ਨਹੀਂ ਸਨ ਚਲਦੇ, ਟੇਪਾਂ ਵੀ ਨਹੀਂ ਵੱਜਦੀਆਂ ਸਨ। ਅੱਜ ਜਿੰਦਗੀ ਦੇ 27 ਵੇਂ ਵਰੇ ਵਿੱਚ ਜਦੋਂ ਪਿੱੱਛੇ ਪਰਤ ਕੇ ਵੇਖਦਾ ਹਾਂ ਤਾਂ ਦਿਲ ਘਟਦੈ, ਕੀ ਦਾ ਕੀ ਹੋ ਗਿਆ? ਕਿੱਥੇ ਗਿਆ ਉਹ ਸਮਾਜ? ਕਿੱਥੇ ਗਏ ਉਹ ਲੋਕ ਤੇ ਕਿੱਥੇ ਗਿਆ ਰਿਸ਼ਤਿਆਂ ਦਾ ਉਹ ਨਿੱਘ ਜੋ ਆਪਣੇ ਆਪ ਵਿੱਚ ਜਿਊਂਦੀ ਜਾਗਦੀ ਜਿੰਦਗੀ ਸੀ। ਸ਼ਾਇਦ, ਨਹੀਂ ਯਕੀਨਨ, ਨਿਗਲ ਗਿਆ ਉਸਨੂੰ ਮਨਮੋਹਨ ਸਿੰਘ ਦਾ ਅਰਥਿਕ ਉਦਾਰਵਾਦ! ਜਿਹੜਾ ਕਿ ਹੁਣ ਤੱਕ ਬਜ਼ਾਰਵਾਦ ਅਤੇ ਬਹੁਕੌਮੀ ਕੰਪਨੀਆਂ ਦੀ ਨਾਜ਼ਾਇਜ਼ ਔਲਾਦ ਹੀ ਸਾਬਿਤ ਹੋਇਆ ਹੈ। ਜਿਹਦੇ ਤਹਿਤ ਆਮ ਲੋਕਾਂ ਦੀ ਕੀਮਤ 'ਤੇ ਸਰਮਾਏਦਾਰ ਕੁਨਬਿਆਂ ਦੀ ਹਰਾਮ ਦੀ ਪੂੰਜ਼ੀ ਨੂੰ ਹੋਰ ਵਧਾਉਣ ਲਈ ਨਿੱਤ ਨਵੀਆਂ ਲੂੰਬੜ ਚਾਲਾਂ ਘੜੀਆਂ ਅਤੇ ਚੱਲੀਆਂ ਜਾਂਦੀਆਂ ਹਨ। ਅਸੀਂ ਸਭ ਗਵਾਹ ਹੀ ਨਹੀਂ ਸ਼ਿਕਾਰ ਵੀ ਹਾਂ ਇਸ ਭੈੜੇ ਵਰਤਾਰੇ ਦੇ। ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਖੋਖਲੇ ਕਰਨ ਲਈ ਕੰਪਨੀਆਂ ਹਰ ਹਰਬਾ ਵਰਤ ਰਹੀਆਂ ਨੇ। ਫਿਰ ਚਾਹੇ ਉਹ ਫਿਲਮਾਂ ਦੇ ਰੂਪ ਵਿੱਚ ਹੋਵੇ, ਕ੍ਰਿਕਟ ਵਰਗੀਆਂ ਖੇਡਾਂ ਦੇ ਰੂਪ ਵਿੱਚ ਹੋਵੇ ਤੇ ਜਾਂ ਫਿਰ ਪ੍ਰਿੰਟ ਅਤੇ ਬਿਜਲÂਂੀ ਮੀਡੀਆ ਰਾਹੀਂ ਕੀਤੀ ਜਾਂਦੀ ਫੂਹੜ ਇਸ਼ਤਿਹਾਰਬਾਜ਼ੀ ਦੇ ਰੂਪ 'ਚ ਹੋਵੇ। ਜਿਹਦਾ ਅਸਰ ਸਾਡੇ ਖਾਣ-ਪਾਣ , ਪਹਿਨਾਵੇ ਅਤੇ ਰਹਿਣ-ਸਹਿਣ ਉੱਤੇ ਸਾਫ ਨਜ਼ਰ ਆਉਂਦਾ ਹੈ। ਅੱਜ ਸਾਡੀ ਖੁਰਾਕ ਵਿੱਚੋ ਰੋਟੀ-ਸਬਜ਼ੀ ਦੀ ਥਾਂ ਬਰਗਰ, ਪੀਜ਼ੇ ਸ਼ਾਮਿਲ ਹੁੰਦੇ ਜਾ ਰਹੇ ਹਨ ਤੇ ਅਸੀਂ ਚਾਹ ਕੇ ਵੀ ਇਸ ਵਰਤਾਰੇ ਨੂੰ ਠੱਲ ਪਾਉਣ ਤੋਂ ਆਹਰੀ ਹਾਂ।ਸੱਚ ਤਾਂ ਇਹ ਹੈ ਕਿ ਅਸੀਂ ਆਪਣੀ ਜੀਵਨ ਜਾਚ ਤੋਂ ਹੱਥ ਧੋ ਬੈਠੇ ਹਾਂ ਅਤੇ ਇਹ ਜੀਵਨ ਜਾਚ ਸੀ ਸਾਡੀ ਖੇਤੀ। ਜਿਹੜੀ ਕਿ ਇੱਕ ਕਿੱਤਾ ਹੀ ਨਹੀਂ ਸਗੋਂ ਅਮੀਰ ਸਭਿਆਚਾਰ ਸੀ। ਜੀਵਨ ਜਾਚ ਵਿਹੂਣੇ ਲੋਕ ਹਰ ਤਰ੍ਹਾਂ ਦੀ ਸੂਝ-ਬੂਝ ਅਤੇ ਕਿਰਦਾਰ ਦੀ ਸੁੱਚਤਾ ਤੋਂ ਵਾਂਝੇ ਹੁੰਦੇ ਹਨ। ਕੀ ਇਹ ਹੀ ਸਾਡਾ ਵੀ ਸੱਚ ਨਹੀਂ? ਹਰੀ ਕਰਾਂਤੀ ਦੇ ਨਾਂਅ 'ਤੇ ਸਾਡੀ ਖੇਤੀ ਵਿੱਚ ਜਿਹੜੇ ਬਦਲਾਅ ਲਿਆਂਦੇ ਗਏ ਉਹਨਾਂ ਦੇ ਨਾਲ ਹੀ ਸਾਡੀ ਖ਼ੁਰਾਕ, ਸਾਡੇ ਜੀਵਨ ਤੇ ਸਾਡੇ ਵਾਤਾਵਰਣ ਵਿੱਚ ਘੁਸਪੈਠ ਕਰ ਗਏ ਮਣਾਂ ਮੂੰਹੀ ਜ਼ਹਿਰ। ਜਿਹੜੇ ਕਿ ਸਾਡੀ ਸਮਾਜਿਕ ਭਾਈਚਾਰਕ ਸਾਂਝ ਦੀ ਟੁੱਟ-ਭੱਜ ਦੇ ਪਿੱਛੇ ਦਾ ਇੱਕ ਹੋਰ ਵੱਡਾ ਕਾਰਨ ਹਨ। ਜੈਸਾ ਖਾਓ ਅੰਨ ਵੈਸਾ ਹੋਏ ਮਨ ਵਾਲੀ ਅਖਾਣ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਵਿੱਗਿਆਨ ਵੀ ਇਸ ਤੱਥ ਪੁਸ਼ਟੀ ਕਰਦਾ ਹੈ ਕਿ ਸਾਡੀ ਖ਼ੁਰਾਕ ਦਾ ਸਾਡੇ ਸਰੀਰ ਦੇ ਨਾਲ-ਨਾਲ ਸਾਡੇ ਮਨ, ਸਾਡੀ ਸੋਚ ਅਤੇ ਸਾਡੇ ਵਿਚਾਰਾਂ ਉੱਤੇ ਜਬਰਦਸ਼ਤ ਪ੍ਰਭਾਵ ਰਹਿੰਦਾ ਹੈ। ਏਸੇ ਲਈ ਗੁਣੀ ਗਿਆਨੀ ਲੋਕ ਸਾਤਵਿਕ ਭੋਜਨ ਦੀ ਮਹਿਮਾ ਨੂੰ ਵਡਿਆਉਂਦੇ ਹਨ। ਜਿਹੜਾ ਕਿ ਮਨੁੱਖ ਨੂੰ ਸ਼ਾਂਤਚਿੱਤ, ਚੰਗੇ ਵਿਚਾਰਾਂ ਦਾ ਧਾਰਨੀ ਅਤੇ ਉੱਚੇ-ਸੁੱਚੇ ਕਿਰਦਾਰ ਦਾ ਮਾਲਿਕ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਅਫਸੋਸ! ਅੱਜ ਸਾਨੂੰ ਸਾਤਵਿਕ ਤਾਂ ਦੂਰ ਸ਼ੁੱਧ ਭੋਜਨ ਵੀ ਉਪਲਭਧ ਨਹੀਂ। ਅਸੀਂ ਤਰ੍ਹਾਂ-ਤਰ੍ਹਾਂ ਦੇ ਜ਼ਹਿਰਾਂ ਨਾਲ ਭਰਪੂਰ ਭੋਜ਼ਨ ਖਾਣ ਲਈ ਮਜ਼ਬੂਰ, ਨਹੀਂ! ਸ਼ਾਇਦ ਇਸਦੇ ਸ਼ੁਕੀਨ ਹਾਂ। ਬਜ਼ਾਰ ਦੇ ਨਾਲ-ਨਾਲ ਸਾਡੇ ਚੌਗਿਰਦੇ 'ਚ ਵੀ ਉਪਲਭਧ ਸਾਰੀਆਂ ਖ਼ੁਰਾਕੀ ਵਸਤਾਂ ਦੁੱਧ, ਅੰਨ, ਦਾਲਾਂ, ਸਬਜ਼ੀਆ ਤੇ ਫਲ ਆਦਿ ਸਭ ਜ਼ਹਿਰ ਹੀ ਤਾਂ ਹਨ। ਤਿਨੋਂ ਡੰਗ ਜ਼ਹਿਰ ਖਾਣ ਵਾਲਿਆਂ ਦੇ ਮਨਾਂ ਅਤੇ ਸਰੀਰਾਂ ਵਿੱਚ ਜ਼ਹਿਰ ਹੀ ਤਾਂ ਮਿਲੇਗਾ/ਭਰੇਗਾ?! ਨਤੀਜਾ ਸਭ ਦੇ ਸਾਹਮਣੇ ਹੈ: ਸਾਡਾ ਹੱਸਦਾ- ਗਾਉਂਦਾ ਪੰਜਾਬ ਵੱਡੇ ਪੱਧਰ 'ਤੇ ਕੈਂਸਰ, ਸ਼ੂਗਰ, ਬਾਂਝਪਨ, ਨਾਮਰਦਗੀ ਵਰਗੇ ਨਾਮੁਰਾਦ ਰੋਗਾਂ ਦਾ ਸ਼ਿਕਾਰ ਹੋ ਗਿਆ ਹੈ। ਹੋਣੀ, ਨਹੀਂ ਅਣਹੋਣੀ ਦਾ ਕਹਿਰ ਤਾਂ ਦੋਖੋ: ਅੱਜ ਵੱਡੀ ਗਿਣਤੀ ਵਿੱਚ ਪੰਜਾਬ ਦੀਆਂ ਇਸਤਰੀਆਂ ਆਪਣੀ ਕੁੱਖ ਵਿੱਚ 9 ਮਹੀਨੇ ਤੱਕ ਇੱਕ ਜਿੰਦਗੀ ਸੰਭਾਲਣ ਦੇ ਵੀ ਯੋਗ ਨਹੀਂ ਰਹਿ ਗਈਆਂ। ਇਸ ਗੱਲ ਦੀ ਯਕੀਨਦਰਾਨੀ ਵਾਸਤੇ ਇੱਕ-ਇੱਕ ਸ਼ਹਿਰ ਵਿੱਚ ਖੁੱਲੇ ਹੋਏ 10-0, 20-20 ਮੈਟਰਨਿਟੀ ਹੋਮਜ਼ ਅਤੇ ਬੱਚਿਆਂ ਦੇ ਹਸਪਤਾਲਾਂ ਦਾ ਇੱਕ ਚੱਕਰ ਮਾਰਨਾ ਹੀ ਕਾਫੀ ਰਹੇਗਾ ਰਿਕਾਰਡ ਬੁਕਜ਼ ਨਾਲ ਮੱਥਾ ਪੱਚੀ ਕਰਨ ਦੀ ਵੀ ਲੋੜ ਨਹੀਂ। ਸਤਮਾਹੇ, ਅਠਮਾਹੇ ਤੇ ਇੱਥੋਂ ਤੱਕ ਕਿ ਛਿਮਾਹੇ ਬੱਚਿਆਂ ਨਾਲ ਭਰੇ ਹੋਏ ਦਰਜ਼ਨਾ ਇਨਕੁਬੇਟਰ ਤੁਹਾਡੇ ਲੂੰ ਕੰਡੇ ਖੜੇ ਕਰ ਦੇਣਗੇ।ਤੇ ਹੁਣ ਇੱਕ ਆਮ ਗੱਲ ਜਿਸਤੋਂ ਅਸੀਂ ਸਭ ਅਸੀਂ ਸਭ ਚੰਗੀ ਤਰ੍ਹਾਂ ਵਾਕਿਫ਼ ਹਾਂ ਪਰ ਜਿਹਦਾ ਸਾਡੀ ਸਿਹਤ ਕੋਈ ਅਸਰ ਨਹੀਂ! ਉਹ ਹੈ ਸਾਡੇ ਬੱਚਿਆਂ ਦੇ ਘਟਦੇ ਹੋਏ ਕੱਦ ਅਤੇ ਕਮਜੋਰ ਪੈਂਦੇ ਹੋਏ ਜੁੱਸੇ। ਉਹ ਕੌਮ ਜਿਹਦੀ ਉੱਚੀ ਲੰਮੀਂ ਕੱਦ ਕਾਠੀ ਤੇ ਫੌਲਾਦੀ ਜੁੱਸੇ ਦੀ ਮਹਿਮਾ ਵਿੱਚ ਹਜ਼ਾਰਾਂ ਗੀਤਾਂ ਅਤੇ ਲੋਕ ਗੀਤਾਂ ਦਾ ਜਨਮ ਹੋਇਆ ਅੱਜ ਇਸ ਪੱਖੋਂ ਵੀ ਸਾਹ-ਸਤਹੀਣ ਹੋਈ ਫਿਰਦੀ ਹੈ। ਆਪਣੇ ਆਲੇ-ਦੁਆਲੇ ਦੇਖੋ 100 ਵਿੱਚੋਂ 75 ਕੁੜੀਆਂ ਦਾ ਕੱਦ ਸਾਢੇ ਚਾਰ ਫੁੱਟ ਤੋਂ ਪੰਜ 3 ਇੰਚ ਦੇ ਵਿਚਕਾਰ ਮਿਲੇਗਾ। 100ਵਿੱਚੋਂ ਲਗਭਗ 40-45 ਮੁੰਡੇ ਹੀ ਸਾਢੇ ਪੰਜ ਫੁੱਟ ਜਾਂ ਇਸਤੋਂ ਵੱਡੇ ਕੱਦ ਮਾਲਿਕ ਮਿਲਣਗੇ। ਸਰੀਰਕ ਸੁਡੌਲਤਾ ਦੇ ਪੈਮਾਨੇ ਤੋਂ ਵੀ ਅਸੀਂ ਬਹੁਤ ਪਿਛੜ ਗਏ ਹਾਂ। ਨਤੀਜੇ ਵਜੋਂ ਫ਼ੌਜ ਵਿੱਚ ਭਰਤੀ ਸਮੇਂ ਪੰਜਾਬੀਆਂ ਦੇ ਹਿੱਸੇ ਦਾ ਕੋਟਾ ਗਵਾਂਢੀ ਰਾਜਾਂ ਤੋਂ ਪੂਰਾ ਕਰਨਾ ਪੈਂਦਾ ਹੈ।ਜਰਾ ਰੁਕੋ ਅਤੇ ਸੋਚੋ! ਆਖਿਰ ਅਸੀਂ ਜਾ ਕਿੱਧਰ ਰਹੇ ਹਾਂ ? ਸਿਹਤਾਂ, ਸੱਭਿਆਚਾਰ, ਵਾਤਾਵਰਣ ਤੇ ਸਭ ਤੋਂ ਵੱਡੀ ਗੱਲ ਚਰਿੱਤਰ ਪੱਖੋਂ। ਐਸੀ ਕੀ ਕਾਹਲੀ ਹੈ ਸਮੂਹਿਕ ਤਬਾਹੀ ਦੀ? ਹਾਂ! ਅਖੌਤੀ ਵਿਕਾਸ ਦਾ ਇਹ ਰਸਤਾ ਜਿਹੜਾ ਅਸੀਂ ਚੁਣਿਆ ਹੈ ਜਾਂ ਜਿਸਨੂੰ ਸਾਡੀ ਮੌਨ ਸਹਿਮਤੀ ਹਾਸਿਲ ਹੈ, ਸਾਨੂੰ ਸਮੂਹਿਕ ਤਬਾਹੀ ਵੱਲ ਹੀ ਲੈ ਜਾ ਰਿਹਾ ਹੈ। ਆਪਣੇ ਸਮਾਜ, ਸੋਚ ਅਤੇ ਆਪਣੀ ਜੀਵਨ ਜਾਚ ਦਾ ਬੇਰੋਕ, ਬੇਲੋੜਾ ਤੇ ਬੇਲੱਜ ਪੱਛਮੀਕਰਨ ਕਿਉਂ? ਉਹ ਵੀ ਏਡੀ ਵੱਡੀ ਕੀਮਤ 'ਤੇ!

No comments: